‘ਪੰਜਾਬ ਬੰਦ’ ਦੇ ਪ੍ਰੋਗਰਾਮ ਦੀ ਜੰਗੀ ਪੱਧਰ ’ਤੇ ਤਿਆਰੀ : ਬੱਸਾਂ ਤੇ ਟ੍ਰੇਨਾਂ ਵੀ ਰੋਕਣਗੇ ਕਿਸਾਨ

ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਵੀ ਹੋਣਗੇ ਬੰਦ

  • ਖਨੌਰੀ, 26 ਦਸੰਬਰ – ਖਨੌਰੀ ਮੋਰਚੇ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ’ਚ ਅੱਜ ਵੱਖ-ਵੱਖ ਯੂਨੀਅਨਾਂ, ਸੰਸਥਾਵਾਂ ਦੀ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਕਿ ‘ਪੰਜਾਬ ਬੰਦ’ਦੀ ਤਿਆਰੀ ਜੰਗੀ ਪੱਧਰ ’ਤੇ ਚੱਲ ਰਹੀ ਹੈ ਅਤੇ 30 ਦਸੰਬਰ ਨੂੰ 7 ਤੋਂ ਸ਼ਾਮ 4 ਵਜੇ ਤੱਕ ਬੱਸਾਂ ਅਤੇ ਟ੍ਰੇਨਾਂ ਵੀ ਬੰਦ ਰਹਿਣਗੀਆਂ।
  • ਅੱਜ ਖਨੌਰੀ ਅਤੇ ਸ਼ੰਭੂ ਬਾਰਡਰ ਵਿਖੇ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਹੋਰਨਾਂ ਨੇ ਆਖਿਆ ਕਿ 31ਵੇਂ ਦਿਨ ਵੀ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੁਕ ਬਣੀ ਹੋਈ ਹੈ। ਇਸ ਲਈ ਸਾਰੇ ਪੰਜਾਬ ਨੂੰ ਬੰਦ ਲਈ ਉੱਠ ਕੇ ਆਉਣਾ ਚਾਹੀਦਾ ਹੈ ਤਾਂ ਜੋ ਕੇਂਦਰ ਦੀ ਕੁੰਭਕਰਨੀ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।
  • ਮੀਟਿੰਗ ’ਚ ਬਿਜਲੀ ਕਰਮਚਾਰੀਆਂ, ਅਧਿਆਪਕਾਂ, ਆਸ਼ਾ ਵਰਕਰਾਂ, ਪ੍ਰੋਫੈਸਰਾਂ ਸਮੇਤ ਵਪਾਰ ਮੰਡਲ ਦੇ ਨੇਤਾਵਾਂ ਨੇ ਲਿਆ ਹਿੱਸਾ
  • ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਪੀ. ਡੀ. ਏ. ਇੰਪਲਾਈਜ਼ ਯੂਨੀਅਨ ਪਟਿਆਲਾ, ਟੀ. ਐੱਸ. ਯੂ. ਸੋਢੀ ਗਰੁੱਪ, ਆਸ਼ਾ ਵਰਕਰ ਯੂਨੀਅਨ ਬਲਾਕ ਸ਼ੁਤਰਾਣਾ, ਲੋਕ ਸੰਗਰਾਮ ਮੋਰਚਾ, ਕ੍ਰਾਂਤੀਕਾਰੀ ਪੇਂਡੂ ਵਰਕਰ ਯੂਨੀਅਨ, ਟੋਲ-ਪਲਾਜ਼ਾ ਵਰਕਰ ਯੂਨੀਅਨ ਪੰਜਾਬ, ਪਬਲਿਕ ਐਕਸ਼ਨ ਕਮੇਟੀ, ਕਾਲਾ ਪਾਣੀ ਮੋਰਚਾ, ਪੰਜਾਬ ਡੈਂਟਲ ਸਰਜਨ ਫਰੰਟ, ਪੰਜਾਬ ਰੋਡਵੇਜ-ਪੀ. ਆਰ. ਟੀ. ਸੀ.-ਪਨਬੱਸ ਕੰਟਰੈਕਟਰ ਵਰਕਰਜ਼, ਪੈਨਸ਼ਨਰਜ਼ ਐਸੋਸੀਏਸ਼ਨ, ਜਲ ਸਪਲਾਈ ਸੈਨੀਟੇਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਸਾਬਕਾ ਸੈਨਿਕ ਸਾਂਝਾ ਮੋਰਚਾ, ਪੰਜਾਬ ਨੰਬਰਦਾਰ ਯੂਨੀਅਨ ਪੰਜਾਬ, ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ, ਆਈ. ਟੀ. ਆਈ. ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਦੋਧੀ ਡੇਅਰੀ ਯੂਨੀਅਨ ਪੰਜਾਬ, ਚੀਫ਼ ਪੈਟਰਨ ਨੰਬਰਦਾਰ ਯੂਨੀਅਨ, ਇੰਪਲਾਈਜ਼ ਫੈੱਡਰੇਸ਼ਨ ਪੰਜਾਬ, ਬਿਨ੍ਹਾਂ ਤਜ਼ੁਰਬਾ ਸੰਘਰਸ਼ ਕਮੇਟੀ 29519, ਵਪਾਰ ਮੰਡਲ ਪਟਿਆਲਾ, ਹਿੰਦੁਸਤਾਨ ਪੈਟਰੋਲ ਪੰਪ ਯੂਨੀਅਨ, ਪੀ. ਆਰ. ਟੀ. ਸੀ. ਇਨਟੈੱਕ ਯੂਨੀਅਨ, ਪੀ. ਆਰ. ਟੀ. ਸੀ. ਏਟਕ ਯੂਨੀਅਨ, ਡੀਲਰਜ਼ ਐਸੋਸੀਏਸ਼ਨ ਪੰਜਾਬ ਆਦਿ ਨੇ ਸਮਰਥਣ ਦਿੱਤਾ।

ਡੱਲੇਵਾਲ ਨੇ ਕੱਲ ਸ਼ਾਮ ਤੋਂ ਪਾਣੀ ਵੀ ਨਹੀਂ ਪੀਤਾ : ਰੋਗਾਂ ਨਾਲ ਲੜਨ ਦੀ ਸ਼ਕਤੀ ਹੋਈ ਖਤਮ
ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਲ ਸ਼ਾਮ ਤੋਂ ਪਾਣੀ ਨਹੀਂ ਪੀਤਾ ਕਿਉਂਕਿ ਅੰਦਰ ਹੋਈ ਕਮਜ਼ੋਰੀ ਕਾਰਨ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਖਤਮ ਹੋ ਗਈ ਹੈ। ਉਨ੍ਹਾਂ ਨੂੰ ਪਾਣੀ ਦਾ ਘੁਟ ਪੀਦਿਆਂ ਹੀ ਉਲਟੀ ਆ ਜਾਂਦੀ ਹੈ। ਅੱਜ ਡਾਕਟਰ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਿਤ ਰਹੇ ਹਨ ਪਰ ਡੱਲੇਵਾਲ ਨੇ ਮਰਨ ਵਰਤ ਨੂੰ ਤਿਆਗਣ ’ਤੇ ਕੋਰਾ ਇਨਕਾਰ ਕਰ ਦਿੱਤਾ ਹੈ।

ਡੱਲੇਵਾਲ ਦੇ ਹੱਕ ’ਚ ਦੇਸ਼ ਭਰ ਵਿਚ ਹੋਏ ਰੋਸ ਪ੍ਰਦਰਸ਼ਨ ਤੇ ਭੁੱਖ ਹੜਤਾਲਾਂ
ਅੱਜ ਪੂਰੇ ਦੇਸ਼ ਵਿਚ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਹਕ ’ਚ ਵੱਖ-ਵੱਖ ਰਾਜਾਂ ਵਿਚ ਜ਼ਿਲਾ ਪੱਧਰ ’ਤੇ ਭੁੱਖ ਹੜਤਾਲਾਂ ਕੀਤੀਆਂ ਗਈਆਂ ਤੇ ਰੋਸ ਪ੍ਰਦਰਸ਼ਨ ਹੋਏ। ਇਨ੍ਹਾਂ ਰੋਸ ਪ੍ਰਦਰਸ਼ਨਾਂ ’ਚ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਤੁਰਤ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਡੱਲੇਵਾਲ ਦਾ ਮਰਨ ਵਰਤ ਖੁਲਵਾਏ।

Leave a Reply

Your email address will not be published. Required fields are marked *