ਡੀ. ਜੀ. ਪੀ. ਪੰਜਾਬ ਨੇ ਪੁਲਸ ਕਰਮਚਾਰੀਆਂ ਨੂੰ 15.11 ਲੱਖ ਰੁਪਏ ਦੇ ਨਕਦ ਇਨਾਮ ਅਤੇ ਸਨਮਾਨ ਪੱਤਰ ਦਿੱਤੇ
ਬਟਾਲਾ :- ਪੁਲਸ ਲਾਈਨ ਬਟਾਲਾ ’ਚ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਪੁਲਸ ਜ਼ਿਲਾ ਬਟਾਲਾ ਦੇ ਮਿਹਨਤਰੀ, ਹੋਣਹਾਰ, ਸਮਰਪਿਤ ਤੇ ਬਹਾਦਰ ਜਵਾਨਾਂ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ’ਚ ਡੀ. ਜੀ. ਪੀ. ਪੰਜਾਬ ਵੱਲੋਂ ਬਟਾਲਾ ਪੁਲਸ ਲਈ 15 ਲੱਖ 11 ਹਜ਼ਾਰ ਰੁਪਏ ਦੇ ਨਕਦ ਇਨਾਮ ਪੁਲਸ ਅਧਿਕਾਰੀਆਂ ਅਤੇ ਕਰਮਚੀਆਂ ਨੂੰ ਦਿੱਤੇ ਗਏ ਅਤੇ ਨਾਲ ਹੀ ਡੀ. ਜੀ. ਪੀ. ਵੱਲੋਂ ਆਏ ਸਨਮਾਨ ਪੱਤਰ ਵੀ ਦਿੱਤੇ ਗਏ।
ਇਸ ਮੌਕੇ ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਸੂਬੇ ਦੇ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਵੀ ਅਸਫਲ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਉਂਦੇ ਹੋਏ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾ ਦੇ ਪਿੱਛੇ ਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਟਾਲਾ ਪੁਲਸ ਵਲੋਂ ਹਰ ਚੁਣੌਤੀ ਦਾ ਬਹੁਤ ਹੀ ਬਹਾਦਰੀ ਅਤੇ ਸਮਝਦਾਰੀ ਨਾਲ ਸਾਹਮਣਾ ਕੀਤਾ ਗਿਆ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਗਏ ਹਨ, ਜਿਸਨੂੰ ਧਿਆਨ ’ਚ ਰੱਖਦੇ ਹੋਏ ਡੀ. ਜੀ. ਪੀ. ਪੰਜਾਬ ਵਲੋਂ ਪੁਲਸ ਜ਼ਿਲਾ ਬਟਾਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਕਦ ਇਨਾਮ ਅਤੇ ਸਨਮਾਨ ਪੱਤਰ ਭੇਜੇ ਗਏ ਹਨ।

ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਦੇ ਕਾਰਨ ਪੰਜਾਬ ’ਚ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਗਵਾ ਚੁੱਕੇ ਹਨ ਅਤੇ ਅੱਜ ਲੋੜ ਹੈ ਕਿ ਪੁਲਸ ਸਖ਼ਤ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਲਾਖਾ ਦੇ ਪਿੱਛੇ ਭੇਜੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਸੂਬੇ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਅੱਜ ਜਿਨ੍ਹਾਂ ਪੁਲਸ ਅਧਿਕਾਰੀਆਂਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਬਹੁਤੇ ਅਜਿਹੇ ਅਣਸੁਲਝੇ ਕੇਸ ਸੁਲਝਾਏ ਹਨ ਅਤੇ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਹੈ। ਉਹ ਅੱਜ ਦੇ ਪ੍ਰੋਗਰਾਮ ਲਈ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਅਤੇ ਪੂਰੀ ਟੀਮ ਨੂੰ ਵਧਾਈ ਦਿੰਦੇ ਹਨ ।
ਉਹ ਪੂਰੀ ਤਨਦੇਹੀ ਨਾਲ ਪੁਲਸ ਜ਼ਿਲਾ ਬਟਾਲਾ ’ਚ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ – ਐੱਸ. ਐੱਸ. ਪੀ. ਮੀਰ
ਇਸ ਮੌਕੇ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਕੰਮ ਕੀਤਾ ਹੈ। ਉਨ੍ਹਾਂ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਡੀ. ਆਈ. ਜੀ. ਸਤਿੰਦਰ ਸਿੰਘ ਦੇ ਰਾਹੀਂ ਸਨਮਾਨ ਸਮਾਰੋਹ ਲਈ ਲਿਖ ਕੇ ਭੇਜਿਆ ਗਿਆ ਸੀ, ਜਿਸਨੂੰ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਮਨਜ਼ੂਰੀ ਦਿੰਦੇ ਹੋਏ ਪਾਸ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਰਾਸ਼ੀ ਮੁਹੱਈਆ ਕਰਵਾਈ ਅਤੇ ਨਾਲ ਹੀ ਸਨਮਾਨ ਪੱਤਰ ਵੀ ਭੇਜੇ ਹਨ।
ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਦੇ ਨਾਲ ਪੁਲਸ ਜ਼ਿਲਾ ਬਟਾਲਾ ’ਚ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਬਟਾਲਾ ਪੁਲਸ ਦੇ 234 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 15 ਲੱਖ 11 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਹਨ ਅਤੇ ਅਤੇ ਨਾਲ ਹੀ ਡੀ. ਜੀ. ਪੀ. ਪੰਜਾਬ ਵੱਲੋਂ ਆਏ ਸਨਮਾਨ ਪੱਤਰ ਵੀ ਦਿੱਤੇ ਗਏ ਹਨ।
ਇਸ ਮੌਕੇ ਐੱਸ. ਪੀ. ਹੈੱਡਕੁਆਰਟਰ ਜਸਵੰਤ ਕੌਰ ਰਿਆੜ, ਡੀ. ਐੱਸ. ਪੀ. ਹੈੱਡਕੁਆਰਟਰ ਤੇਜਿੰਦਰਪਾਲ ਸਿੰਘ, ਡੀ. ਐੱਸ. ਪੀ. ਰਿਪੁਤਾਪਨ ਸਿੰਘ, ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ, ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ, ਡੀ. ਐੱਸ. ਪੀ. ਰਾਜੇਸ਼ ਕੱਕੜ, ਡੀ. ਐੱਸ. ਪੀ. ਹਰੀਸ਼ ਬਹਿਲ, ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ, ਇੰਸ. ਅਨਿਲ ਪਵਾਰ, ਐੱਸ. ਐੱਸ. ਓ. ਸੁਖਰਾਜ ਸਿੰਘ ਆਦਿ ਪੁਲਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
