ਪੰਜਾਬ ਪੁਲਸ ਨੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਕੀਤਾ ਪਰਦਾਫਾਸ਼

5.2 ਕਿਲੋ ਹੈਰੋਇਨ ਬਰਾਮਦ, ਮਹਿਲਾ ਸਰਗਨਾ ਸਮੇਤ 4 ਗ੍ਰਿਫਤਾਰ

ਅੰਮ੍ਰਿਤਸਰ :-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਵੱਡੀ ਸਫ਼ਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਅੰਮ੍ਰਿਤਸਰ ਦੇ ਪਿੰਡ ਇੱਬਨ ਕਲਾਂ ਦੀ ਰਹਿਣ ਵਾਲੀ ਮਨਦੀਪ ਕੌਰ (27) ਅਤੇ ਉਸਦੇ ਤਿੰਨ ਕਾਰਕੁੰਨਾਂ ਨੂੰ 5.2 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕੀਤਾ ਹੈ।

ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ। ਗ੍ਰਿਫਤਾਰ ਕੀਤੇ ਗਏ ਮਨਦੀਪ ਦੇ ਹੋਰ ਸਾਥੀਆਂ ਦੀ ਪਛਾਣ ਆਲਮ ਅਰੋੜਾ (23) ਅਤੇ ਮਨਮੀਤ ਉਰਫ ਗੋਲੂ (21), ਦੋਵੇਂ ਵਾਸੀ ਜਨਤਾ ਕਾਲੋਨੀ, ਛੇਹਰਟਾ, ਅੰਮਿ੍ਤਸਰ ਅਤੇ ਤਰਨਤਾਰਨ ਦਾ 18 ਸਾਲਾ ਲੜਕਾ (ਨਾਮ ਗੁਪਤ ਰੱਖਿਆ ਗਿਆ ਹੈ) ਵਜੋਂ ਹੋਈ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨਦੀਪ ਕੌਰ ਦੇ ਇਕ ਵਿਅਕਤੀ ਨਾਲ ਸਬੰਧ ਸਨ, ਜਿਸਨੇ ਉਸਨੂੰ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਮਿਲਾਇਆ ਸੀ। ਮੁਲਜ਼ਮ ਮਨਦੀਪ ਦਾ ਜੱਦੀ ਘਰ ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ਵਿਚ ਸਥਿਤ ਹੈ, ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਵਾੜ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ’ਤੇ ਹੈ।
ਉਨ੍ਹਾਂ ਕਿਹਾ ਕਿ ਜਾਂਚ ਵਿਚ ਇਹ ਵੀ ਸਬੂਤ ਸਾਹਮਣੇ ਆਏ ਹਨ ਕਿ ਮੁਲਜ਼ਮ ਮਨਦੀਪ, ਅਕਸਰ ਪੁਲਸ ਦੀ ਵਰਦੀ ਪਹਿਨ ਕੇ ਨਸ਼ਾ ਸਮੱਗਲਿੰਗ ਦੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਸੀ। ਇਸ ਮਾਮਲੇ ਵਿਚ ਅਗਲੇਰੇ ਅਤੇ ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਪੁਲਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮਹਿਲਾ ਨਸ਼ਾ ਸਮੱਗਲਰ ਵੱਲੋਂ ਡਰੱਗ ਕਾਰਟਲ ਚਲਾਏ ਜਾਣ ਬਾਰੇ ਪੁਖ਼ਤਾ ਇਤਲਾਹ ਤੋਂ ਬਾਅਦ ਡੀ. ਸੀ. ਪੀ. ਜਾਂਚ ਰਵਿੰਦਰ ਪਾਲ ਸਿੰਘ ਸੰਧੂ, ਏ. ਡੀ. ਸੀ. ਪੀ. ਜਾਂਚ ਨਵਜੋਤ ਸਿੰਘ ਅਤੇ ਏ. ਸੀ. ਪੀ. ਉੱਤਰੀ ਕਮਲਜੀਤ ਸਿੰਘ ਦੀ ਨਿਗਰਾਨੀ ਹੇਠ ਅਤੇ ਇੰਚਾਰਜ ਸੀ. ਆਈ. ਏ.-1 ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਤੋਂ ਮਨਦੀਪ ਕੌਰ ਅਤੇ ਉਸਦੇ ਦੋ ਕਾਰਕੁੰਨਾਂ ਆਲਮ ਅਤੇ ਮਨਮੀਤ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਦੋਸ਼ੀ ਮਨਦੀਪ ਕੌਰ ਵੱਲੋਂ ਇਕ ਹੋਰ ਵਿਅਕਤੀ ਦੀ ਸ਼ਮੂਲੀਅਤ ਬਾਰੇ ਕੀਤੇ ਖੁਲਾਸੇ ’ਤੇ ਪੁਲਸ ਟੀਮਾਂ ਵੱਲੋਂ ਉਸਨੂੰ ਵੀ ਉਸੇ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *