ਗੁਰਦਾਸਪੁਰ ’ਚ ਪੁਲਸ ਚੌਕੀ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨ ਪੁਲਸ ਮੁਕਾਬਲੇ ਦੌਰਾਨ ਢੇਰ
2 ਏ. ਕੇ. 47, 2 ਗਲਾਕ ਪਿਸਟਲ ਅਤੇ ਕਾਰਤੂਸ ਬਰਾਮਦ
ਗੁਰਦਾਸਪੁਰ, 23 ਦਸੰਬਰ -ਕੁਝ ਦਿਨ ਪਹਿਲਾਂ ਜ਼ਿਲਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਦੇ ਅਧੀਨ ਆਉਂਦੀ ਪੁਲਸ ਚੌਕੀ ਬਖਸ਼ੀਵਾਲ ਅਤੇ ਚੌਕੀ ਵਡਾਲਾ ਬਾਂਗਰ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਖਾਲਿਸਤਾਨ ਕਮਾਡੋ ਫੋਰਸ ਦੇ 3 ਅੱਤਵਾਦੀਆਂ ਨੂੰ ਪੰਜਾਬ ਅਤੇ ਯੂ. ਪੀ. ਪੁਲਸ ਵੱਲੋਂ ਯੂ. ਪੀ. ਦੇ ਪੀਲੀਭੀਤ ’ਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਗਿਆ। ਪੁਲਸ ਨੇ ਉਕਤ ਵਿਅਕਤੀਆਂ ਤੋਂ 2 ਏ. ਕੇ. 47, ਗਲਾਕ ਪਿਸਟਲ ਅਤੇ ਭਾਰੀ ਮਾਤਰਾ ’ਚ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਇਕ ਇੰਟਰਵਿਊ ਦੌਰਾਨ ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਦੀ ਬੰਦ ਪਈਆਂ ਪੁਲਸ ਚੌਕੀਆਂ ’ਤੇ ਖਾਲਿਸਤਾਨੀ ਕਮਾਡੋ ਫੋਰਸ ਦੇ ਕੁਝ ਅੱਤਵਾਦੀਆਂ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਹਮਲਾਵਰ ਫਰਾਰ ਚੱਲ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ 3 ਅੱਤਵਾਦੀ ਯੂ. ਪੀ. ਦੇ ਪੀਲੀਭੀਤ ’ਚ ਰਹਿ ਰਹੇ ਸਨ, ਜਿਸ ਤੋਂ ਬਾਅਦ ਪੰਜਾਬ ਪੁਲਸ ਦੀ ਟੀਮ ਵੱਲੋਂ ਯੂ. ਪੀ. ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਸ ਅਤੇ ਯੂ. ਪੀ. ਪੁਲਸ ਵੱਲੋਂ ਸਾਂਝੇ ਤੌਰ ਆਪ੍ਰੇਸ਼ਨ ਤਹਿਤ ਪੀਲੀਭੀਤ ’ਚ 3 ਅੱਤਵਾਦੀਆਂ ਦੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਪੁਲਸ ਅਤੇ ਅੱਤਵਾਦੀਆਂ ਦੇ ਵਿਚਕਾਰ ਹੋਈ ਮੁਠਭੇੜ ’ਚ 3 ਅੱਤਵਾਦੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਜ਼ਸ਼ਨਪ੍ਰੀਤ ਸਿੰਘ (18) ਵਾਸੀ ਸ਼ਹੂਰ ਖੁਰਦ ਥਾਣਾ ਕਲਾਨੌਰ, ਵਰਿੰਦਰ ਸਿੰਘ ਉਰਫ ਰਵੀ (23) ਵਾਸੀ ਅਗਵਾਨ ਥਾਣਾ ਕਲਾਨੌਰ ਅਤੇ ਗੁਰਵਿੰਦਰ ਸਿੰਘ (25) ਵਾਸੀ ਕਲਾਨੌਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀਆਂ ਤੋਂ 2 ਏ. ਕੇ. 47, ਗਲਾਕ ਪਿਸਟਲ ਅਤੇ ਭਾਰੀ ਮਾਤਰਾ ’ਚ ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਵੱਲੋਂ ਜਾਂਚ ਜਾਰੀ ਹੈ।