ਪ੍ਰਯਾਗਰਾਜ ਵਿਚ ਚੱਲ ਰਹੇ ਮਹਾਂਕੁੰਭ ਵਿੱਚ ਇਕ ਵਾਰ ਫਿਰ ਅੱਗ ਲੱਗ ਗਈ ਹੈ। ਇਹ ਅੱਗ ਮਹਾਂਕੁੰਭ ਦੇ ਸੈਕਟਰ 19 ਵਿਚ ਕਲਪਵਾਸੀਆਂ ਦੁਆਰਾ ਖਾਲੀ ਕੀਤੇ ਗਏ ਤੰਬੂਆਂ ਵਿਚ ਲੱਗੀ। ਅੱਗ ਨੇ ਕਈ ਤੰਬੂਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਹ ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮਹਾਂਕੁੰਭ ਵਿਖੇ ਭੀੜ ਦਾ ਆਉਣਾ ਜਾਰੀ ਹੈ।
ਵੀਕਐਂਡ ਹੋਣ ਕਾਰਨ ਲੱਖਾਂ ਲੋਕ ਮਹਾਂਕੁੰਭ ਵਿਚ ਪਹੁੰਚੇ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਗੰਗਾ ਵਿਚ ਇਸ਼ਨਾਨ ਕਰ ਰਹੇ ਹਨ। ਵੀਕਐਂਡ ਦੌਰਾਨ ਭੀੜ ਨੂੰ ਦੇਖਦੇ ਹੋਏ, ਮਹਾਂਕੁੰਭ ਨੂੰ ਨੋ ਵਾਹਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਪ੍ਰਯਾਗਰਾਜ ਦੀਆਂ ਸਾਰੀਆਂ ਸਰਹੱਦਾਂ ‘ਤੇ ਬਾਹਰੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਹਾਂਕੁੰਭ ਵਿਚ ਅੱਗ ਲੱਗਣ ਦੀ ਪਹਿਲੀ ਘਟਨਾ ਨਹੀਂ ਹੈ। ਪਿਛਲੇ 28 ਦਿਨਾਂ ਵਿਚ ਮੇਲਾ ਖੇਤਰ ਵਿਚ ਅੱਗ ਲੱਗਣ ਦੀ ਇਹ ਚੌਥੀ ਘਟਨਾ ਹੈ। ਮੇਲਾ ਖੇਤਰ ਵਿਚ ਅੱਗ ਲੱਗਣ ਦੀ ਪਹਿਲੀ ਘਟਨਾ 19 ਜਨਵਰੀ ਨੂੰ ਦੇਖੀ ਗਈ ਸੀ, ਜਦੋਂ ਸੈਕਟਰ 19 ਵਿਚ ਗੀਤਾ ਪ੍ਰੈਸ ਕੈਂਪ ਵਿਚ ਕਈ ਟੈਂਟ ਸੜ ਕੇ ਸੁਆਹ ਹੋ ਗਏ ਸਨ। ਇਸ ਤੋਂ ਬਾਅਦ 30 ਜਨਵਰੀ ਨੂੰ ਸੈਕਟਰ 22 ਵਿਚ ਅੱਗ ਲੱਗ ਗਈ, ਜਿਸ ਵਿਚ ਇਕ ਦਰਜਨ ਤੋਂ ਵੱਧ ਟੈਂਟ ਸੜ ਗਏ। 7 ਫਰਵਰੀ ਨੂੰ ਸੈਕਟਰ-18 ਵਿਚ ਅੱਗ ਲੱਗ ਗਈ, ਜਿਸ ਵਿਚ ਕਈ ਪੰਡਾਲ ਸੜ ਗਏ।
ਅੱਗ ਪੂਰੀ ਤਰ੍ਹਾਂ ਕਾਬੂ ਹੇਠ- ਡੀ. ਆਈ. ਜੀ.
ਪ੍ਰਯਾਗਰਾਜ ਮੇਲਾ ਖੇਤਰ ਵਿਚ ਅੱਗ ਲੱਗਣ ਦੀ ਘਟਨਾ ਬਾਰੇ ਡੀ. ਆਈ. ਜੀ. ਮਹਾਕੁੰਭ ਵੈਭਵ ਕ੍ਰਿਸ਼ਨ ਨੇ ਕਿਹਾ ਕਿ ਅੱਗ ਪੂਰੀ ਤਰ੍ਹਾਂ ਕਾਬੂ ਹੇਠ ਹੈ। ਕਲਪਵਾਸੀਆਂ ਦੁਆਰਾ ਖਾਲੀ ਕੀਤੇ ਗਏ ਕੁਝ ਪੁਰਾਣੇ ਟੈਂਟਾਂ ਨੂੰ ਸੈਕਟਰ 19 ਵਿਚ ਅੱਗ ਲੱਗ ਗਈ ਹੈ। ਕਿਸੇ ਨੂੰ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਲੱਗੀ ਹੈ।
