ਪਟਿਆਲਾ- ਦਿੱਲੀ ਵਿਖੇ ਭਾਜਪਾ ਦੀ ਸ਼ਾਨਦਾਰ ਜਿੱਤ ’ਤੇ ਜ਼ਿਲਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ ਦੀ ਅਗਵਾਈ ਹੇਠ ਅਨਾਰਦਾਨਾ ਚੌਕ ਵਿਖੇ ਸ਼ਹਿਰ ਨਿਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਨੂੰ ਨਿਰਣਾਇਕ ਰੱਦ ਕਰ ਦਿੱਤਾ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਵਿਕਾਸ ਅਤੇ ਚੰਗੇ ਸ਼ਾਸਨ ਪ੍ਰਤੀ ਵਚਨਬੱਧਤਾ ਦਾ ਪੁਰਜ਼ੋਰ ਸਮਰਥਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਲੀਡਰਸ਼ਿਪ ’ਚ ਇਕ ਵਾਰ ਫਿਰ ਭਰੋਸਾ ਜਤਾਇਆ ਹੈ। ਇਹ ਜਿੱਤ ਭਾਜਪਾ ਵੱਲੋਂ ਦੇਸ਼ ਭਰ ’ਚ ਲਾਗੂ ਕੀਤੀਆਂ ਗਈਆਂ ਤਬਦੀਲੀਆਂ ਦੀਆਂ ਨੀਤੀਆਂ ਅਤੇ ਸ਼ਾਸਨ ਦਾ ਪ੍ਰਮਾਣ ਹੈ। ਦਿੱਲੀ ਦੇ ਵੋਟਰਾਂ ਨੇ ‘ਆਪ’ ਦੀ ਧੋਖੇਬਾਜ਼ੀ ਨੂੰ ਸਖਤੀ ਨਾਲ ਨਕਾਰ ਦਿੱਤਾ ਹੈ। ਉਨ੍ਹਾਂ ਦੇ ਵੱਡੇ ਆਗੂ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸ਼ੋਦੀਆ ਗੁੱਟ ਦੀ ਸ਼ਰਮਨਾਕ ਹਾਰ, ਇਹ ਸਾਬਿਤ ਕਰਦੀ ਹੈ ਕਿ ਲੋਕ ਹੁਣ ਉਨ੍ਹਾਂ ਦੇ ਝੂਠ ਅਤੇ ਨਾਕਾਮ ਸ਼ਾਸਨ ਤੋਂ ਤੰਗ ਆ ਚੁੱਕੇ ਹਨ।
ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਪੰਜਾਬ ਨੇ ਵੀ ਹੁਣ ‘ਆਪ’ ਦਾ ਅਸਲੀ ਚਿਹਰਾ ਦੇਖ ਲਿਆ ਹੈ। ਪਿਛਲੇ 3 ਸਾਲਾਂ ਦੌਰਾਨ ਪੰਜਾਬ ਵਿਚ ਵੀ ਕੋਈ ਵਿਕਾਸ ਨਹੀਂ ਹੋਇਆ। ਸਗੋਂ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਅਤੇ ਅਪਰਾਧ ਅਾਸਮਾਨ ਨੂੰ ਛੂਹ ਗਏ ਹਨ। ਆਮ ਆਦਮੀ ਪਾਰਟੀ ਆਪਣੇ ਕਿਸੇ ਵੀ ਵੱਡੇ ਵਾਅਦੇ ਨੂੰ ਪੂਰਾ ਕਰਨ ’ਚ ਨਾਕਾਮ ਰਹੀ ਹੈ, ਚਾਹੇ ਉਹ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਹੋਵੇ, ਸਿੱਖਿਆ ’ਚ ਸੁਧਾਰ ਹੋਵੇ ਜਾਂ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੋਵੇ। ਰਾਜ ਦੇ ਸਕੂਲ ਅਤੇ ਹਸਪਤਾਲ ਢਹਿ-ਢੇਰੀ ਹੋ ਗਏ ਹਨ। ਸਰਕਾਰ ਆਪਣੇ ਵਾਅਦੇ ਪੂਰੇ ਕਰਨ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ, ਓਸੇ ਤਰ੍ਹਾਂ ਪੰਜਾਬ ਦੀ ਜਨਤਾ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦਾ ਪੂਰਾ ਸਫਾਇਆ ਕਰੇਗੀ। ਕਿਉਂਕਿ ਪੰਜਾਬ ਹੁਣ ਹੋਰ ਆਮ ਆਦਮੀ ਪਾਰਟੀ ਦੇ ਝੂਠ, ਭ੍ਰਿਸ਼ਟਾਚਾਰ ਅਤੇ ਨਾਕਾਮ ਸ਼ਾਸਨ ਨੂੰ ਬਰਦਾਸ਼ਤ ਨਹੀਂ ਕਰੇਗਾ। ਦਿੱਲੀ ਦੀ ਤਰ੍ਹਾਂ ਹੀ ਪੰਜਾਬ ਦੀ ਜਨਤਾ ਵੀ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਹਕੀਕਤ ਵਿਖਾ ਦੇਵੇਗੀ।