‘ਗੁਰਦਾਸਪੁਰ,-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ’ਤੇ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ 11 ਮੈਂਬਰਾਂ ਵੱਲੋਂ ਸਵੇਰੇ 10.30 ਤੋਂ ਸ਼ਾਮ 4.30 ਵਜੇ ਤੱਕ ਭੁੱਖ ਹੜਤਾਲ ਰੱਖੀ ਅਤੇ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਅਤੇ ਪ੍ਰਮੁੱਖ ਸਕੱਤਰ ਵਿੱਤ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪੇ ਗਏ।
ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਪੈਨਸ਼ਨਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਦੇ ਇਸ ਪ੍ਰਦਰਸ਼ਨ ਦੀ ਪ੍ਰਧਾਨਗੀ ਜਵੰਦ ਸਿੰਘ, ਮਹੇਸ਼ ਪਾਲ, ਵਿਜੇ ਥਾਪਾ, ਰਮੇਸ਼ ਕੁਮਾਰ ਅਤੇ ਸਵਿੰਦਰ ਸਿੰਘ ਔਲਖ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਸਮੂਹ ਪੈਨਸ਼ਨਰ ਪੰਜਾਬ ਸਰਕਾਰ ਵੱਲੋਂ ਚੋਣਾ ਵੇਲੇ ਦਿਖਾਏ ਗਏ ਸਬਜ਼ਬਾਗਾਂ ਤੋਂ ਬੇਹੱਦ ਖ਼ਫ਼ਾ ਨਜ਼ਰ ਆਏ।
ਇਸ ਮੌਕੇ ਬੁਲਾਰਿਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬਾਰ-ਬਾਰ ਮੀਟਿੰਗਾਂ ਦਾ ਟਾਈਮ ਦੇ ਕੇ ਮੌਕਾ ਟਾਲਦੇ ਰਹੇ ਪਰ ਪੈਨਸ਼ਨਰਾਂ ਨਾਲ ਇਕ ਵੀ ਮੀਟਿੰਗ ਨਾ ਕਰਨ ਵਾਲੇ ਵਤੀਰੇ ਦੀ ਵੀ ਜ਼ੋਰਦਾਰ ਨਿੰਦਾ ਕੀਤੀ।

ਜ਼ਿਲਾ ਪ੍ਰਧਾਨ ਜਵੰਦ ਸਿੰਘ ਨੇ 1/1/16 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਦੀ ਪੰਜਾਬ ਦੇ ਛੇਵੇਂ ਪੇ-ਕਮਿਸ਼ਨ ਵੱਲੋਂ ਸਿਫਾਰਸ਼ ਕੀਤੇ 2.59 ਦੇ ਗੁਣਾਂਕ ਨਾਲ ਪੈਨਸ਼ਨ ਫਿਕਸ ਕਰਨ, 1/1/16 ਤੋਂ 30/6/21 ਤੱਕ ਦਾ ਬਕਾਇਆ ਯਕਮੁਸ਼ਤ ਦੇਣ, ਕੇਂਦਰ ਸਰਕਾਰ ਦੇ ਪੈਟਰਨ ਤੇ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ, ਪੈਨਸ਼ਨਰਾਂ ਕੋਲੋਂ ਲਿਆ ਜਾਂਦਾ 200 ਰੁਪਏ ਵਿਕਾਸ ਫੰਡ ਬੰਦ ਕਰਨ, ਮੈਡੀਕਲ ਬਿੱਲਾਂ ਦੀ ਪ੍ਰਤੀਪੂਰਤੀ ਇੱਕ ਮਹੀਨੇ ਦੇ ’ਚ ਕਰਨ, ਕੈਸ਼ਲੈੱਸ ਹੈਲਥ ਬੀਮਾ ਯੋਜਨਾ ਲਾਗੂ ਕਰਨ ਅਤੇ ਮੈਡੀਕਲ ਭੱਤਾ 2000 ਰੁਪਏ ਮਹੀਨਾ ਕਰਨ ਆਦਿ ਦੀਆਂ ਮੰਗਾਂ ਦੁਹਰਾਈਆਂ।
ਉਨ੍ਹਾਂ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਕਰੀਬ 40,000 ਪੈਨਸ਼ਨਰ ਪੇ ਕਮਿਸ਼ਨ ਦਾ ਬਕਾਇਆ ਉਡੀਕਦੇ ਹੀ ਇਸ ਜਹਾਨ ਤੋਂ ਕੂਚ ਕਰ ਗਏ ਹਨ। ਇਸ ਮੌਕੇ ਮੱਖਣ ਕੁਹਾੜ ਨੇ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਯੂਨੀਫਾਈਡ ਪੈਨਸ਼ਨ ਸਕੀਮ ਦਾ ਵਿਰੋਧ ਕੀਤਾ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ। ਉਨ੍ਹਾਂ ਰੋਜ਼ੀ ਰੋਟੀ ਖ਼ਾਤਰ ਵਿਦੇਸ਼ਾਂ ਦੇ ਬਾਰਡਰਾਂ, ਜੰਗਲਾਂ ਅਤੇ ਪਾਣੀਆਂ ਵਿੱਚ ਖੱਜਲ ਹੁੰਦੇ ਮਰ ਰਹੇ ਅਤੇ ਹੁਣ ਡਿਪੋਰਟ ਹੋ ਕੇ ਵਾਪਸ ਪਰਤੇ ਬੱਚਿਆਂ ਦੀ ਮੰਦਹਾਲੀ ਵਾਸਤੇ ਵੀ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਿਨ੍ਹਾਂ ਨੇ ਬੱਚਿਆਂ ਦੇ ਰੋਜ਼ਗਾਰ ਤੋਂ ਮੂੰਹ ਮੋੜ ਰੱਖਿਆ ਹੈ।
ਇਨ੍ਹਾਂ ਤੋਂ ਇਲਾਵਾ ਸਰਵਸ੍ਰੀ ਮਹੇਸ਼ ਪਾਲ, ਵਿਜੇ ਥਾਪਾ, ਰਮੇਸ਼ ਕੁਮਾਰ, ਸਵਿੰਦਰ ਔਲਖ, ਜੋਗਿੰਦਰ ਪਾਲ ਸੈਣੀ, ਸੁਰੇਸ਼ ਸ਼ਰਮਾ, ਅਜੀਤ ਸਿੰਘ ਹੁੰਦਲ, ਧਿਆਨ ਸਿੰਘ ਠਾਕੁਰ, ਮੰਗਤ ਚੰਚਲ, ਅਮਰਜੀਤ ਸਿੰਘ, ਬਲਵੰਤ ਸਿੰਘ, ਮਹਿੰਦਰ ਸਿੰਘ, ਰਘਬੀਰ ਸਿੰਘ ਚਾਹਲ, ਬਲਵੰਤ ਸਿੰਘ, ਬਲਬੀਰ ਸਿੰਘ ਬੈਂਸ ਅਤੇ ਸੁਖਵਿੰਦਰ ਸਿੰਘ ਕਾਹਲੋਂ ਨੇ ਵੀ ਉਪਰੋਕਤ ਮੰਗਾਂ ਦੁਹਰਾਈਆਂ ਅਤੇ ਸਰਕਾਰ ਦੇ ਵਤੀਰੇ ਦਾ ਖੰਡਣ ਕੀਤਾ।
