ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਅੱਜ ਪੰਜਾਬ ’ਚ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਪੂਰਾ ਦਿਨ ਸੂਰਜ ਦੇਵ ਮੇਹਰਬਾਨ ਰਹੇ, ਜਿਸ ਕਾਰਨ ਲੋਕਾਂ ਨੂੰ ਅੱਜ ਹੱਡ ਚੀਰਵੀ ਠੰਢ ਅਤੇ ਸੀਤ ਲਹਿਰ ਤੋਂ ਰਾਹਤ ਮਿਲੀ ਅਤੇ ਨੌਜਵਾਨਾਂ ਨੇ ਖੂਬ ਪਤੰਗਬਾਜ਼ੀ ਕੀਤੀ।
ਸਵੇਰੇ 10 ਵਜੇ ਤੱਕ ਜ਼ਿਲੇ ਅੰਦਰ ਜ਼ਿਆਦਾਤਰ ਥਾਵਾਂ ’ਤੇ ਸੰਘਣੀ ਧੁੰਦ ਹੋਣ ਕਾਰਨ ਪਹਿਲਾਂ ਨੌਜਵਾਨ ਨਿਰਾਸ਼ ਦਿਖਾਈ ਦਿੱਤੇ ਪਰ ਬਾਅਦ ਵਿਚ ਸੂਰਜ ਦੇਵ ਦੇ ਦਰਸ਼ਨ ਹੋਣ ਨਾਲ ਮੌਸਮ ਸਾਫ ਹੋ ਗਿਆ ਅਤੇ ਨੌਜਵਾਨਾਂ ਨੇ ਪੂਰੇ ਜੋਸ਼ ਨਾਲ ਪਤੰਗ ਉਡਾਏ। ਇਸ ਦੌਰਾਨ ਘਰਾਂ ਦੀਆਂ ਛੱਤਾਂ ਤੇ ਉਚੀ ਅਵਾਜ਼ ਲਗਾ ਕੇ ਨੌਜਵਾਨਾਂ ਨੇ ਭੰਗੜੇ ਪਾਏ ਅਤੇ ਨਾਲ ਹੀ ਉਕਤ ਤਿਉਹਾਰ ਦੇ ਜਸ਼ਨ ਮਨਾਏ।
ਸ਼ਾਮ ਵੇਲੇ ਵੀ ਲੋਕਾਂ ਨੇ ਆਪਣੇ ਘਰਾਂ ਵਿਚ ਲੋਹੜੀ ਦੀ ਅੱਗ ਬਾਲ ਕੇ ਸ਼ਗਨ ਪੂਰੇ ਕੀਤੇ ਅਤੇ ਲੋਕਾਂ ਨੇ ਪਾਰਟੀਆਂ ਕਰ ਕੇ ਇਸ ਤਿਉਹਾਰ ਦੀ ਖੁਸ਼ੀ ਮਨਾਈ। ਅੱਜ ਕਈ ਦੁਕਾਨਾਂ ਬੰਦ ਦਿਖਾਈ ਦਿੱਤੀਆਂ ਪਰ ਲੋਹੜੀ ਨਾਲ ਸਬੰਧਿਤ ਸਾਜੋ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੇ ਚੰਗੀ ਕਮਾਈ ਕੀਤੀ। ਗੰਨੇ ਦੇ ਰਸ ਵਾਲੀਆਂ ਦੁਕਾਨਾਂ ਤੇ ਰੇਹੜੀਆਂ ’ਤੇ ਸਾਰਾ ਦਿਨ ਹੀ ਭਾਰੀ ਰੌਣਕ ਰਹੀ, ਜਿਨ੍ਹਾਂ ਤੋਂ ਇਲਾਵਾ ਮੁੰੂਗਫਲੀ ਤੇ ਹੋਰ ਦੁਕਾਨਾਂ ਵਾਲਿਆਂ ਲਈ ਵੀ ਅੱਜ ਦਾ ਦਿਨ ਕਾਫੀ ਵਧੀਆ ਰਿਹਾ। ਇਸੇ ਤਰ੍ਹਾਂ ਅੱਜ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ, ਦਫਤਰਾਂ ਤੇ ਹੋਰ ਅਦਾਰਿਆਂ ਵਿਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
