ਨਾਜਾਇਜ਼ ਹਥਿਆਰਾਂ ਸਮੇਤ 4 ਮੁਲਜ਼ਮ ਕਾਬੂ
ਭਗਤਾ ਭਾਈ : ਜਿਲਾ ਬਠਿੰਡਾ ਵਿਚ ਬੀਤੀ ਸਵੇਰ ਸੈਰ ਕਰ ਰਹੇ ਜੋੜੇ ਉੱਪਰ ਹੋਈ ਗੋਲੀਬਾਰੀ ਦੀ ਘਟਨਾ ਨੇ ਅੱਜ ਹੈਰਾਨੀਜਨਕ ਮੋੜ ਲਿਆ ਅਤੇ ਪੁਲਿਸ ਆਪਣੀ ਪੜਤਾਲ ਦੌਰਾਨ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਇਸ ਮਾਮਲੇ ਨੂੰ ਮਹਿਜ 24 ਘੰਟੇ ਦੇ ਅੰਦਰ ਅੰਦਰ ਹੱਲ ਕਰ ਲੈਣ ਵਿਚ ਸਫ਼ਲਤਾ ਹਾਸਲ ਕੀਤੀ।
ਜਿਕਰਯੋਗ ਹੈ ਕਿ ਗੋਲੀ ਲੱਗਣ ਕਾਰਨ ਹਰਪ੍ਰੀਤ ਕੌਰ, ਜੋ ਕਿ ਅਰਸ਼ਦੀਪ ਸਿੰਘ ਭਗਤਾ ਭਾਈ ਨਾਲ ਰਹਿ ਰਹੀ ਸੀ, ਜਖਮੀ ਹੋ ਗਈ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਗਤਾ ਭਾਈ ਤੋਂ ਫਰੀਦਕੋਟ ਮੈਡੀਕਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਵੱਲੋਂ ਸੀ. ਆਈ. ਏ. ਸਟਾਫ-1 ਬਠਿੰਡਾ, ਸੀ. ਆਈ. ਏ. ਸਟਾਫ-2 ਬਠਿੰਡਾ ਅਤੇ ਥਾਣਾ ਦਿਆਲਪੁਰਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਐਸ. ਐਸ. ਪੀ. ਬਠਿੰਡਾ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ.ਸਟਾਫ 2 ਬਠਿੰਡਾ, ਮੁੱਖ ਅਫਸਰ ਥਾਣਾ ਦਿਆਲਪੁਰਾ ਦੀ ਟੀਮ ਵੱਲੋਂ ਇਸ ਮਾਮਲੇ ਦੀ ਤਫਤੀਸ਼ ਦੌਰਾਨ ਜ਼ਖਮੀ ਲੜਕੀ ਦੇ ਪਤੀ ਅਰਸ਼ਦੀਪ ਸਿੰਘ, ਸੁਖਚੈਨ ਸਿੰਘ, ਸੰਦੀਪ ਸਿੰਘ ਵਾਸੀਆਨ ਭਗਤਾ ਭਾਈ ਅਤੇ ਟਹਿਲ ਸਿੰਘ ਵਾਸੀ ਸੁਖਾਨੰਦ ਜਿਲ੍ਹਾ ਮੋਗਾ ਨੂੰ 02 ਮੋਟਰਸਾਇਕਲ ਸਪਲੈਂਡਰ ਪਲੱਸ ਸਮੇਤ ਕਾਬੂ ਕਰ ਕੇ ਇਹਨਾ ਪਾਸੋਂ 02 ਪਿਸਤੌਲ 32 ਬੋਰ ਦੇਸੀ, 04 ਜਿੰਦਾ ਰੌਂਦ .32 ਬੋਰ, ਤਿੰਨ ਮੋਬਾਇਲ ਫੋਨ ਬਰਾਮਦ ਕੀਤੇ।
ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੰਦੀਪ ਸਿੰਘ, ਟਹਿਲ ਸਿੰਘ ਅਤੇ ਸੁਖਚੈਨ ਸਿੰਘ ਸੈਲੂਨ ਦਾ ਕੰਮ ਕਰਦੇ ਹਨ ਅਤੇ ਆਪਸ ਵਿੱਚ ਅਰਸ਼ਦੀਪ ਸਿੰਘ ਦੇ ਦੋਸਤ ਹਨ। ਹਰਪ੍ਰੀਤ ਕੌਰ ਉਪਰ ਫਾਇਰ ਹੋਣ ਦੀ ਕਹਾਣੀ ਇਹਨਾਂ ਸਾਰਿਆਂ ਵੱਲੋਂ ਮਨਘੜਤ ਬਣਾਈ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸ਼ੱਕੀ ਜਾਪਦਿਆਂ ਹੋਇਆਂ ਤਫਤੀਸ਼ ਦੌਰਾਨ ਪੁਲਿਸ ਟੀਮਾਂ ਵੱਲੋਂ ਇਸ ਦੀ ਪੜਤਾਲ ਡੂੰਘਾਈ ਨਾਲ ਕਰਦੇ ਹੋਏ ਰਾਤ ਇਹਨਾਂ ਦੋਸ਼ੀਆਨ ਨੂੰ ਨਾਜਾਇਜ ਹਥਿਆਰਾਂ ਸਮੇਤ ਕਾਬੂ ਕਰ ਕੇ ਇਸ ਮਾਮਲੇ ਦੀ ਗੁੱਥੀ ਨੂੰ 24 ਘੰਟਿਆਂ ਦਰਮਿਆਨ ਸੁਲਝਾਇਆ ਹੈ।
ਹਰਪ੍ਰੀਤ ਕੌਰ ਉਕਤ ਜੇਰੇ ਇਲਾਜ ਹੈ। ਪੁਲਿਸ ਨੇ ਅਰਸ਼ਦੀਪ ਸਿੰਘ, ਸੁਖਚੈਨ ਸਿੰਘ, ਸੰਦੀਪ ਸਿੰਘ ਭਗਤਾ ਭਾਈ ਅਤੇ ਟਹਿਲ ਸਿੰਘ ਵਾਸੀ ਸੁਖਾਨੰਦ ਨੂੰ ਗ੍ਰਿਫਤਾਰ ਕਰ ਲਿਆ ਹੈ।
