ਪੰਜਾਬ ਵਿਚ ਦਰਜਨਾਂ ਥਾਂ ਧਰਨੇ ; ਉਗਰਾਹਾਂ ਸਮੇਤ ਕਈ ਆਗੂ ਪੁਲਸ ਨੇ ਕੀਤੇ ਗ੍ਰਿਫ਼ਤਾਰ
ਅਨੇਕਾਂ ਰੋਕਾਂ ਦੇ ਬਾਵਜੂਦ ਕਿਸਾਨ ਚੰਡੀਗੜ੍ਹ ਕੂਚ ਕਰਨ ਦੇ ਇਰਾਦੇ ਨਾਲ ਮਹਿਮਦਪੁਰ ਮੰਡੀ, ਪਟਿਆਲਾ-ਸੰਗਰੂਰ ਰੋਡ ਪਹੁੰਚਣ ਵਿਚ ਸਫ਼ਲ
ਪਟਿਆਲਾ : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਚਲੋ ਦੇ ਸੱਦੇ ਤਹਿਤ ਕਿਸਾਨ ਪੰਜਾਬ ਪੁਲਸ ਦੀ ਸਖਤੀ ਅੱਗੇ ਚੰਡੀਗੜ ਨਹੀਂ ਪਹੁੰਚ ਸਕੇ। ਪੁਲਸ ਦੀ ਥਾਂ-ਥਾ ਨਾਕਾਬੰਦੀ ਕਾਰਨ ਦਰਜਨਾਂ ਥਾਵਾਂ ‘ਤੇ ਕਿਸਾਨ ਧਰਨੇ ਲਗਾ ਕੇ ਬੈਠ ਗਏ, ਉਧਰੋ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਦਰਜਨਾਂ ਕਿਸਾਨਾਂ ਨੂੰ ਅੱਜ ਵੀ ਪੁਲਸ ਨੇ ਰਾਊਂਡਅਪ ਕਰ ਲਿਆ।
ਪਟਿਆਲਾ, ਸੰਗਰੂਰ ਅਤੇ ਮਾਲਵਾ ਬੈਲਟ ਦੇ ਕਿਸਾਨਾਂ ਨੂੰ ਰੋਕਨ ਦੇ ਬਾਵਜੂਦ ਵੀ ਸੈਂਕੜੇ ਕਿਸਾਨ ਜ਼ਿਲ੍ਹੇ ਦੇ ਕਿਸਾਨ ਪਿੰਡ ਗੱਜੂਮਾਜਰੇ ਦੀ ਦਾਣਾ ਮੰਡੀ ਵਿਚ ਇਕੱਠੇ ਹੋਏ ਗਏ। ਜਿਲਾ ਪ੍ਰਧਾਨ ਜਸਵਿੰਦਰ ਬਰਾਸ ਨੇ ਦੱਸਿਆ ਕਿ ਇਥੇ ਤੱਕ ਪਹੁੰਚਣ ਲਈ ਕਿਸਾਨਾਂ ਵੱਲੋਂ ਅਨੇਕਾਂ ਰੋਕਾਂ ਦਾ ਸਾਹਮਣਾ ਕੀਤਾ ਗਿਆ ਪਰ ਫਿਰ ਵੀ ਕਿਸਾਨ ਗੱਜੂਮਾਜਰੇ ਮੰਡੀ ਤੱਕ ਪਹੁੰਚਣ ਵਿਚ ਸਫ਼ਲ ਰਹੇ। ਸ਼ੁੱਖਮਿੰਦਰ ਸਿੰਘ ਬਾਰਨ ਨੇ ਕਿਹਾ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸਾਰੇ ਪੰਜਾਬ ਵਿੱਚ ਪੁਲਿਸ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਤੇ ਦਹਿਸ਼ਤ ਦਾ ਮਾਹੌਲ ਬਣਾਕੇ, ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਫ਼ੇਰ ਵੀ ਕਿਸਾਨ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਕੂਚ ਦੇ ਮੰਨਸੂਬੇ ਨਾਲ ਕਿਸਾਨ ਗੱਜੂਮਾਜਰੇ ਮੰਡੀ ਤੋਂ ਮੇਨ ਸੰਗਰੂਰਪਟਿਆਲਾ ਸੜਕ ਤੇ ਮਹਿਮਦਪੁਰ ਮੰਡੀ, ਜਿਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਘੇਰਾਬੰਦੀ ਕੀਤੀ ਹੋਈ ਸੀ, ਉੱਥੇ ਤੱਕ ਪਹੁੰਚਣ ਵਿੱਚ ਸਫ਼ਲ ਹੋ ਗਏ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ, ਜਿਥੇ ਪੁਲਿਸ ਵੱਲੋਂ ਰੋਕਿਆ ਜਾਵੇਗਾ, ਕਿਸਾਨ ਉੱਥੇ ਹੀ ਸੜਕ ਤੋਂ ਪਾਸੇ ਹੱਟਕੇ ਆਪਣਾ ਪ੍ਰਦਰਸ਼ਨ ਕਰਨਗੇ। ਇਸ ਲਈ ਜਿਲੇ ਦੇ ਕਿਸਾਨਾਂ ਵੱਲੋਂ ਵੀ ਮਹਿਮਦਪੁਰ ਮੰਡੀ ਵਿੱਚ ਧਰਨਾ ਲਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਬਲਰਾਜ ਜੋਸ਼ੀ, ਜਗਮੇਲ ਗਾਜੇਵਾਸ ਜਿਲ੍ਹੇ ਦੇ ਆਗੂਆਂ ਵੱਲੋਂ ਧਰਨਾ ਸਥਾਨ ਤੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਆਗੂਆਂ ਵੱਲੋਂ ਬਿਆਨ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ। ਸਰਕਾਰ ਪਹਿਲਾਂ ਹੋਈਆਂ ਮੀਟਿੰਗਾਂ ਵਿਚ ਬਣੀ ਸਹਿਮਤੀ ਮੁਤਾਬਕ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਕੋਰੀ ਨਾਂਹ ਕਰ ਰਹੀ ਹੈ। ਇਸ ਨਾਲ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਤੇ ਕਾਰਪੋਰੇਟ ਹੇਜ ਜੱਗ ਜਾਹਰ ਹੋ ਗਿਆ। ਕਿਸਾਨ ਆਗੂਆਂ ਵੱਲੋਂ ਭਲਕੇ ਮਹਿਮਦਪੁਰ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ, ਵਿਦਿਆਰਥੀਆਂ ਤੇ ਔਰਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ।
