ਗੁਰਦਾਸਪੁਰ – : ਪੁਲਸ ਨੇ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਅਤੇ ਗਰਭਪਾਤ ਕਾਰਨ ਉਸ ਦੀ ਮੌਤ ਦੇ ਮਾਮਲੇ ’ਚ ਦਰਜ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਪਾਦਰੀ ਨੂੰ ਪਨਾਹ ਦੇਣ ਦੇ ਦੋਸ਼ ’ਚ ਮੁਲਜ਼ਮ ਦੇ ਭਰਾ ਅਤੇ ਭੈਣ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਮੁਲਜ਼ਮ ਚਰਚ ਪਾਦਰੀ ਜਸ਼ਨ ਗਿੱਲ ਅਜੇ ਵੀ ਫਰਾਰ ਹੈ। ਜ਼ਿਲਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ।
ਇਸ ਮਾਮਲੇ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਆਦਿੱਤਿਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਮਾਮਲਾ ਮੇਰੇ ਧਿਆਨ ’ਚ ਆਇਆ ਹੈ, ਮੁਲਜ਼ਮ ਜਸ਼ਨ ਿਗੱਲ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ। ਕਿਉਂਕਿ ਇਹ ਇਕ ਕੁੜੀ ਦੀ ਮੌਤ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੁਲਸ ਜਸ਼ਨ ਗਿੱਲ ਨੂੰ ਨਹੀਂ ਫੜ ਸਕੀ ਹੈ ਪਰ ਹੁਣ ਪੁਲਸ ਨੇ ਮੁਲਜ਼ਮ ਜਸ਼ਨ ਿਗੱਲ ਨੂੰ ਪਨਾਹ ਦੇਣ ਦੇ ਦੋਸ਼ ’ਚ ਉਸ ਦੇ ਭਰਾ ਪ੍ਰੇਮ ਮਸੀਹ ਨੂੰ ਜੰਮੂ ਤੋਂ ਅਤੇ ਮੁਲਜ਼ਮ ਦੀ ਭੈਣ ਮਾਰਥਾ ਗਿੱਲ ਨੂੰ ਖਰੜ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਅਪਰਾਧੀ ਨੂੰ ਪਨਾਹ ਦੇਣਾ ਅਤੇ ਪੁਲਸ ਵੱਲੋਂ ਗ੍ਰਿਫ਼ਤਾਰੀ ਤੋਂ ਬਚਾਉਣਾ ਵੀ ਇਕ ਕਾਨੂੰਨੀ ਅਪਰਾਧ ਹੈ। ਜਸ਼ਨ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਇਸ ਮਾਮਲੇ ’ਚ ਪੁਲਸ ਦੀ ਲਾਪਰਵਾਹੀ ਬਾਰੇ ਉਨ੍ਹਾਂ ਕਿਹਾ ਕਿ ਪੁਲਸ ਨੇ ਜਸ਼ਨ ਿਗੱਲ ਨੂੰ ਗ੍ਰਿਫ਼ਤਾਰ ਕਰਨ ਲਈ ਸਮੇਂ-ਸਮੇਂ ’ਤੇ ਛਾਪੇਮਾਰੀ ਕੀਤੀ ਹੈ, ਜੋ ਜਲਦੀ ਹੀ ਸਲਾਖਾਂ ਪਿੱਛੇ ਹੋਵੇਗਾ।
ਦੀਨਾਨਗਰ ਪੁਲਸ ਸਟੇਸ਼ਨ ’ਚ ਦਰਜ ਐੱਫ. ਆਈ. ਆਰ. ਅਨੁਸਾਰ ਸਾਲ 2023 ’ਚ ਗੁਰਦਾਸਪੁਰ ਦੇ ਨੇੜੇ ਇਕ ਪਿੰਡ ਦੇ ਵਸਨੀਕ, ਜੋ ਕਿ ਮ੍ਰਿਤਕ ਦੇ ਪਿਤਾ ਸਨ, ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਸ ਦੀ ਧੀ, ਜੋ ਕਿ ਬੀ. ਸੀ. ਏ. ਕਰ ਰਹੀ ਸੀ, ਆਪਣੇ ਪਰਿਵਾਰ ਨਾਲ ਪਿੰਡ ਦੇ ਚਰਚ ਜਾਂਦੀ ਸੀ। ਉੱਥੇ ਉਸ ਦੀ ਮੁਲਾਕਾਤ ਚਰਚ ਦੇ ਪਾਦਰੀ ਜਸ਼ਨ ਨਾਲ ਹੋਈ ਪਰ ਕੁਝ ਸਮੇਂ ਬਾਅਦ ਧੀ ਦੀ ਸਿਹਤ ਵਿਗੜ ਗਈ ਅਤੇ ਉਸ ਦਾ ਅਲਟਰਾਸਾਊਂਡ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਗਰਭਪਾਤ ਹੋ ਗਿਆ ਸੀ ਅਤੇ ਗਰਭਪਾਤ ਸਹੀ ਢੰਗ ਨਾਲ ਨਾ ਹੋਣ ਕਾਰਨ, ਕੁੜੀ ਦੇ ਸਰੀਰ ’ਚ ਇਨਫੈਕਸ਼ਨ ਫੈਲ ਗਈ ਸੀ ਪਰ ਮਰਨ ਤੋਂ ਪਹਿਲਾਂ ਪੀੜਤਾ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਚਰਚ ਦੇ ਪਾਦਰੀ ਜਸ਼ਨ ਨੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਸੀ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਨੇੜਲੇ ਪਿੰਡ ਲਿਜਾਇਆ ਗਿਆ ਅਤੇ ਇਕ ਨਰਸ ਦੁਆਰਾ ਗਰਭਪਾਤ ਕਰਵਾਇਆ ਗਿਆ।
ਲੜਕੀ ਦੀ ਮੌਤ ਤੋਂ ਬਾਅਦ ਪੁਲਸ ਨੇ ਪਹਿਲਾਂ ਧਾਰਾ 174 ਤਹਿਤ ਕਾਰਵਾਈ ਕੀਤੀ, ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ. ਪਰ ਬਾਅਦ ’ਚ ਜਦੋਂ ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਸਾਰੀ ਕਹਾਣੀ ਦੱਸੀ, ਤਾਂ ਮੁਲਜ਼ਮ ਜਸ਼ਨ ਵਿਰੁੱਧ ਜਬਰ-ਜ਼ਨਾਹ ਅਤੇ ਮੌਤ ਲਈ ਜ਼ਿੰਮੇਵਾਰ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਪਰ ਮੁਲਜ਼ਮ ਜਸ਼ਨ ਉਦੋਂ ਤੋਂ ਹੀ ਫਰਾਰ ਹੈ ਅਤੇ ਪਿਛਲੇ ਸਾਲ 2024 ਵਿੱਚ ਅਦਾਲਤ ਨੇ ਉਸ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਸੀ।
