ਬੇਔਲਾਦ ਬੇਟੀ ਲਈ ਪਿਤਾ ਨੇ ਸਾਥੀ ਨਾਲ ਮਿਲ ਕੇ ਚੋਰੀ ਕੀਤਾ ਸੀ ਬੱਚਾ : ਐੱਸ. ਐੱਸ. ਪੀ.
ਪਟਿਆਲਾ – ਸ਼ਹਿਰ ਦੇ ਮਾਲ ਰੋਡ ’ਤੇ ਫੁੱਟਪਾਥ ’ਤੇ ਸੁੱਤੀ ਪਈ ਮਾਂ ਕੋਲੋਂ ਚੋਰੀ ਹੋਏ ਬੱਚੇ ਨੂੰ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਕੁਝ ਘੰਟਿਆਂ ’ਚ ਬਰਾਮਦ ਕਰ ਲਿਆ। ਇਸ ਮਾਮਲੇ ’ਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਅਤੇ ਡੀ. ਐੱਸ. ਪੀ. ਸਿਟੀ-1 ਦੇ ਨਿਰਦੇਸ਼ਾਂ ’ਤੇ ਬਿੱਟੂ ਪੁੱਤਰ ਰਾਮ ਸਿੰਘ ਵਾਸੀ ਧਰਮਪੁਰਾ ਬਾਜ਼ਾਰ ਧਾਨਕਾ ਮੁਹੱਲਾ ਹਾਲ ਨਿਵਾਸੀ ਝੁੱਗੀਆਂ ਵਾਸੀ ਸਰਹੰਦ ਰੋਡ ਪਟਿਆਲਾ ਅਤੇ ਪੱਪੂ ਪੁੱਤਰ ਜੰਗ ਵਾਸੀ ਭਾਦਸੋਂ ਨੇੜੇ ਐੱਸ. ਪੀ. ਪੈਟਰੋਲ ਪੰਪ ਝੁੱਗੀਆ ਪਿੰਡ ਜੱਸੋਵਾਲ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਥਾਣਾ ਲਾਹੌਰੀ ਗੇਟ ਦੀ ਪੁਲਸ ਨੂੰ ਜੰਗਲੀ ਪੁੱਤਰ ਸਿਕੰਦਰ ਹਾਲ ਵਾਸੀ ਫੁੱਟਪਾਥ ਵੱਡੀ ਬਾਰਾਦਰੀ ਨੇਡ਼ੇ ਸ਼ੇਰਾਂਵਾਲਾ ਗੇਟ ਪਟਿਆਲਾ ਨੇ ਸੂਚਨਾ ਦਿੱਤੀ ਸੀ ਕਿ 15 ਫਰਵਰੀ ਦੀ ਰਾਤ ਨੂੰ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਫੁੱਟਪਾਥ ’ਤੇ ਸੁੱਤਾ ਪਿਆ ਸੀ ਪਰ ਜਦੋਂ ਉਸ ਦੀ ਰਾਤ ਦੇ ਕਰੀਬ 2 ਵਜੇ ਅੱਖ ਖੁੱਲ੍ਹੀ ਤਾਂ ਉਸ ਦਾ ਛੋਟਾ ਲਡ਼ਕਾ ਉੱਥੇ ਨਹੀਂ ਸੀ, ਜਿਸ ਦੀ ਉਮਰ ਲਗਭਗ 6 ਮਹੀਨੇ ਹੈ, ਉਸ ਨੂੰ ਕਿਸੇ ਨੇ ਅਗਵਾ ਕਰ ਲਿਆ ਸੀ।
ਪੁਲਸ ਨੇ ਇਸ ਮਾਮਲੇ ਵਿਚ 97, 137 ਬੀ. ਐੱਨ. ਐਸ. ਤਹਿਤ ਕੇਸ ਦਰਜ ਕਰ ਕੇ ਜਦੋਂ ਤਕਨੀਕੀ ਢੰਗ ਨਾਲ ਤਫਤੀਸ਼ ਸ਼ੁਰੂ ਕੀਤੀ ਤਾਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਪੁਲਸ ਨੇ ਕੁਝ ਘੰਟਿਆ ’ਚ ਹੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਦੇ ਹੋਏ ਪਤਾ ਕੀਤਾ ਬੱਚਾ ਅਗਵਾ ਕਰਨ ਵਾਲੇ ਵੀਰ ਹਕੀਕਤ ਰਾਏ ਸਕੂਲ ਦੇ ਪਿੱਛੇ ਦੀ ਰੇਲਵੇ ਸਟੇਸ਼ਨ ਵੱਲ ਬੱਚਾ ਲੈ ਕੇ ਗਏ ਹਨ। ਪੁਲਸ ਨੇ ਪੈੜ ਨੱਪਦੇ ਹੋਏ ਉਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਬੱਚਾ ਬਰਾਮਦ ਕਰ ਲਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੱਪੂ ਦੀ ਲੜਕੀ ਨੀਲਮ ਪਤਨੀ ਜੱਗਾ ਵਾਸੀ ਬਸਤੀ ਮੁੰਡੀ ਖਰੜ ਦਾ ਵਿਆਹ ਹੋਏ ਨੂੰ 8-9 ਸਾਲ ਹੋ ਗਏ ਸਨ ਪਰ ਉਸ ਦੇ ਕੋਈ ਔਲਾਦ ਨਹੀਂ ਸੀ। ਉਸ ਨੇ ਆਪਣੀ ਲੜਕੀ ਲਈ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ ਅਤੇ ਇਸ ’ਚ ਬਿੱਟੂ ਨੂੰ ਪੈਸਿਆਂ ਦਾ ਲਾਲਚ ਦੇ ਦੇ ਸ਼ਾਮਲ ਕਰ ਲਿਆ ਗਿਆ। ਦੋਵਾਂ ਵੱਲੋਂ ਪਹਿਲਾਂ ਰੇਕੀ ਕੀਤੀ ਗਈ ਅਤੇ 15 ਫਰਵਰੀ ਦੀ ਰਾਤ ਨੂੰ ਬੱਚਾ ਚੋਰੀ ਕਰ ਲਿਆ।
ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੱਪੂ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਤ੍ਰਿਪਡ਼ੀ ਵਿਖੇ ਕੇਸ ਦਰਜ ਹੈ। ਚੋਰੀ ਕਰਨ ਤੋਂ ਬਾਅਦ ਪੱਪੂ ਨੇ ਬੱਚਾ ਉਸ ਦੀ ਲੜਕੀ ਨੀਲਮ ਨੂੰ ਦੇ ਦਿੱਤਾ ਸੀ ਅਤੇ ਉਸ ਦੀ ਦੇਖਭਾਲ ਨੀਲਮ ਵੱਲੋਂ ਕੀਤੀ ਜਾ ਰਹੀ ਸੀ। ਨੀਲਮ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਡੀ. ਐੱਸ. ਪੀ. ਸਿਟੀ-1 ਸਤਨਮਾ ਸਿੰਘ ਅਤੇ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਇੰਸਪੈਕਟਰ ਗਗਨਦੀਪ ਸਿੰਘ ਵੀ ਹਾਜ਼ਰ ਸਨ।
