ਪੁਲਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਗੈਂਗਸਟਰ

ਪੁਲਸ ਦਾ ਇਕ ਜਵਾਨ ਜ਼ਖਮੀ

ਬਟਾਲਾ : ਦੇਰ ਰਾਤ ਬਟਾਲਾ ਪੁਲਸ ਨਾਲ ਮੁਕਾਬਲੇ ਦੌਰਾਨ ਇਕ ਗੈਂਗਸਟਰ ਮਾਰਿਆ ਗਿਆ, ਜਦਕਿ ਇਕ ਪੁਲਸ ਦਾ ਜਵਾਨ ਵੀ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਪੁਲਸ ਲਾਈਨ ਬਟਾਲਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਪੁਲਸ ਵੱਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਬੀਤੀ ਰਾਤ ਬਟਾਲਾ ਪੁਲਸ ਵੱਲੋਂ ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਇਲਾਕੇ ਪੁਲ ਸੂਆ ਪਿੰਡ ਨੱਤ ਕਲਾਂ ’ਚ ਨਾਕਾਬੰਦੀ ਕਰ ਕੇ ਮਹਿਤਾ ਸਾਈਡ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਪੁਲਸ ਨੇ ਬੈਟਰੀ ਦੀ ਰੌਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਵਿਅਕਤੀ ਮੋਟਰਸਾਈਕਲ ਮੇਨ ਰੋਡ ਤੋਂ ਪਿੰਡ ਪੁਰੀਆਂ ਨੂੰ ਜਾਂਦੇ ਰੋਡ ਵੱਲ ਮੋੜ ਕੇ ਭੱਜਣ ਲੱਗਾ ਪਰ ਰੋਡ ’ਤੇ ਬਣੇ ਸਪੀਡ ਬ੍ਰੇਕਰ ਕਾਰਨ ਮੋਟਰਸਾਈਕਲ ਚਾਲਕ ਸੜਕ ’ਤੇ ਡਿੱਗ ਗਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਨੇ ਯਕਦਮ ਨਾਲ ਨਾਕੇ ’ਤੇ ਖੜ੍ਹੀ ਪੁਲਸ ਪਾਰਟੀ ’ਤੇ ਆਪਣੇ ਪਿਸਟਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸਦੇ ਚਲਦਿਆਂ ਨਾਕੇ ’ਤੇ ਪੁਲਸ ਪਾਰਟੀ ਦਾ ਇਕ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ।
ਇਸ ਦੌਰਾਨ ਜਦ ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਉਕਤ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ। ਜਦ ਪੁਲਸ ਨੇ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਲਿਆਂਦਾ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉੱਥੇ ਹੀ ਪੁਲਸ ਨੇ ਜ਼ਖਮੀ ਮੁਲਾਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀ ਤੋਂ ਇਕ ਪਿਸਟਲ ਗਲਾਕ, 4 ਜ਼ਿੰਦਾ ਰੌਂਦ, 2 ਖੋਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮਲਕੀਤ ਸਿੰਘ ਵਾਸੀ ਮਰੜੀ ਕਲਾਂ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਰਣਜੀਤ ਸਿੰਘ ਉਰਫ ਰਾਣਾ ਗੈਂਗਸਟਰ ਡੋਨੀ ਸਠਿਆਲਾ, ਪ੍ਰਭ ਦਾਸੂਵਾਲ, ਅਮਨ ਖੱਬੇ ਰਾਜਪੂਤਾਂ ਅਤੇ ਘਨਸ਼ਾਮਪੁਰਾ ਦੇ ਗੈਂਗ ਦਾ ਮੈਂਬਰ ਹੈ।
ਇਸ ਮੌਕੇ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ, ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਤੇ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ।

ਤਰਨਤਾਰਨ ’ਚ ਆੜ੍ਹਤੀ ਦੇ ਹੋਏ ਕਤਲ ਵਿਚ ਵੀ ਸ਼ਾਮਲ ਸੀ ਰਣਜੀਤ ਸਿੰਘ
ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜ਼ਿਲਾ ਤਰਨਤਾਰਨ ਦੇ ਪਿੰਡ ਹਰੀਕੇ ’ਚ ਇਕ ਆੜ੍ਹਤੀ ਰਾਮ ਗੋਪਾਲ ਦਾ ਕਤਲ ਹੋਇਆ ਸੀ, ਜਿਸ ਵਿਚ ਗੈਂਗਸਟਰ ਰਣਜੀਤ ਸਿੰਘ ਉਰਫ ਰਾਣਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰ ਰਣਜੀਤ ਸਿੰਘ ਨੇ ਇਸ ਕਤਲ ਲਈ ਸ਼ੂਟਰ ਸਪਲਾਈ ਕਰਵਾਏ ਸਨ ਅਤੇ ਇਸ ਮਾਮਲੇ ’ਚ ਪੁਲਸ ਵੱਲੋਂ ਥਾਣਾ ਹਰੀਕੇ ’ਚ ਮੁਕੱਦਮਾ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪੰਚਾਇਤੀ ਚੋਣਾਂ ਦੇ ਦੌਰਾਨ ਜ਼ਿਲਾ ਤਰਨਤਾਰਨ ਦੇ ਪਿੰਡ ਤਲਵੰਡੀ ’ਚ ਸਰਪੰਚ ਰਾਜ ਦੀ ਹੱਤ ਹੋਈ ਸੀ ਅਤੇ ਇਸ ਕੇਸ ’ਚ ਵੀ ਰਣਜੀਤ ਸਿੰਘ ਉਰਫ ਰਾਣਾ ਮੁੱਖ ਦੋਸ਼ੀ ਹੋਣ ਦੇ ਚਲਦਿਆਂ ਲੋੜੀਂਦਾ ਸੀ।

ਇਸੇ ਤਰ੍ਹਾਂ ਰਣਜੀਤ ਸਿੰਘ ਉਰਫ ਰਾਣਾ ਵਿਰੁੱਧ ਥਾਣਾ ਡਵੀਜ਼ਨ ਨੰਬਰ 1, ਕਮਿਸ਼ਨਰੇਟ ਜਲੰਧਰ ’ਚ ਮੁਕੱਦਮਾ ਦਰਜ ਹੈ।

Leave a Reply

Your email address will not be published. Required fields are marked *