ਕੋਈ ਵੀ ਪੁਲਿਸ ਅਧਿਕਾਰੀ ਆਪਣੀ ਡਿਊਟੀ ’ਚ ਲਾਪਰਵਾਹੀ ਨਾ ਵਰਤ
ਜ਼ਿਲਾ ਗੁਰਦਾਸਪੁਰ ਅੰਦਰ ਪੁਲਸ ਦੀ ਕਾਰਜ ਪ੍ਰਣਾਲੀ ’ਚ ਹੋਰ ਸੁਧਾਰ ਅਤੇ ਤੇਜ਼ੀ ਲਿਆਉਣ ਦੇ ਮੰਤਵ ਨਾਲ ਐੱਸ. ਐੱਸ. ਪੀ. ਅਾਦਿੱਤਿਆ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ।
ਇਸ ਤਹਿਤ ਅੱਜ ਐੱਸ. ਐੱਸ. ਪੀ. ਵੱਲੋਂ ਗੁਰਦਾਸਪੁਰ ਪੁਲਸ ਜ਼ਿਲੇ ਨਾਲ ਸਬੰਧਤ ਸਾਰੇ ਥਾਣਿਆਂ ਦੇ ਮੁਖੀ, ਡੀ. ਐੱਸ. ਪੀ. ਅਤੇ ਹੋਰ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਵੱਖ-ਵੱਖ ਖੇਤਰਾਂ ’ਚ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ ਅਤੇ ਥਾਣਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਅਤੇ ਜੁਰਮ ਦੀ ਦਰ ਨੂੰ ਘੱਟ ਕਰਨ ਲਈ ਸਖਤ ਕਦਮ ਚੁੱਕੇ ਜਾਣ।
ਐੱਸ. ਐੱਸ. ਪੀ. ਨੇ ਕਿਹਾ ਕਿ ਥਾਣਿਆਂ ’ਚ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਦੀ ਖੱਜਲ-ਖੁਆਰੀ ਨਾ ਕੀਤੀ ਜਾਵੇ ਅਤੇ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਅਤੇ ਨਸ਼ੀਲੇ ਪਦਾਰਥਾਂ ਨੂੰ ਬਰਾਮਦ ਕਰਨ ਦੇ ਸਬੰਧ ’ਚ ਵੀ ਪੁਲਿਸ ਨੂੰ ਪੂਰੀ ਸੰਜੀਦਗੀ ਦੇ ਨਾਲ ਕੰਮ ਕਰਨ ਲਈ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਪੁਲਸ ਦੀ ਜ਼ਿੰਮੇਵਾਰੀ ਹੈ। ਇਸ ਲਈ ਕੋਈ ਵੀ ਪੁਲਸ ਅਧਿਕਾਰੀ ਆਪਣੀ ਡਿਊਟੀ ’ਚ ਲਾਪਰਵਾਹੀ ਨਾ ਵਰਤੇ।
