ਦੋਵੇਂ ਮੋਰਚੇ ਦੇ ਆਗੂਆਂ ਨੇ ਪਟਿਆਲਾ ਜੇਲ ’ਚ ਬੰਦ ਕਿਸਾਨ ਨੇਤਾਵਾਂ ਨਾਲ ਕੀਤੀ ਮੁਲਾਕਾਤ
ਪਟਿਆਲਾ : ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਵੱਲੋਂ ਦੋਵਾਂ ਮੋਰਚਿਆਂ ਦੀ ਤਰਫੋਂ ਵਫ਼ਦ ਦੇ ਰੂਪ ’ਚ, 19 ਮਾਰਚ ਨੂੰ ਚੰਡੀਗੜ੍ਹ ਵਿਚ ਰੱਖੀ ਗਈ ਮੀਟਿੰਗ ਤੋਂ ਇਕਦਮ ਬਾਅਦ ਅਚਾਨਕ ਹਿਰਾਸਤ ਵਿਚ ਲੈ ਕੇ ਕੇਂਦਰੀ ਜੇਲ ਪਟਿਆਲਾ ’ਚ ਬੰਦ ਸਰਵਣ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ ਅਤੇ ਅਭਿਮੰਨੂ ਕੋਹਾੜ, ਪੀ. ਟੀ. ਜੌਨ ਕੇਰਲਾ, ਨੰਦ ਕੁਮਾਰ ਤਾਮਿਲਨਾਡੂ, ਪੀ. ਪਾਂਡਿਆਂਨ, ਸੁਖਜੀਤ ਸਿੰਘ ਹਰਦੋਝੰਡੇ ਅਤੇ ਬੀਬੀ ਸੁਖਵਿੰਦਰ ਕੌਰ ਸਮੇਤ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਗਈ।
ਇਸ ਮੌਕੇ ਨੇਤਾਵਾਂ ਨੇ ਦੱਸਿਆ ਕਿ ਜੇਲ ’ਚ ਬੰਦ ਆਗੂ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿਚ ਹਨ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ’ਤੇ ਵਿਚਾਰ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਜੇਲ ’ਚ ਬੰਦ ਕਿਸਾਨ, ਮਜ਼ਦੂਰ ਅਤੇ ਔਰਤਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਦੱਸਿਆ ਕਿ 19 ਤਰੀਕ ਤੋਂ ਲਗਾਤਾਰ ਰਾਜਸਥਾਨ, ਹਰਿਆਣਾ, ਉਤਰ ਪ੍ਰਦੇਸ਼ ’ਚ ਪੁਤਲੇ ਫੂਕੇ ਜਾ ਰਹੇ ਹਨ, ਉੱਥੇ ਪੰਜਾਬ ’ਚ 20 ਤਰੀਕ ਨੂੰ ਭਾਰੀ ਪੁਲਸ ਫੋਰਸ ਵੱਲੋਂ ਵੱਡੀਆਂ ਰੋਕਾਂ ਲਗਾਉਣ ਦੇ ਬਾਵਜੂਦ ਲੋਕਾਂ ਨੇ ਡੀਸੀ ਦਫ਼ਤਰਾਂ ’ਤੇ ਭਾਰੀ ਇੱਕਠ ਕੀਤੇ ਗਏ, ਉਥੇ ਹੀ ਤਾਮਿਲਨਾਡੂ ’ਚ ਵੱਡੇ ਪੱਧਰ ’ਤੇ ਕਿਸਾਨਾਂ ਵੱਲੋਂ ਰੇਲ ਚੱਕਾ ਜਾਮ ਕੀਤਾ ਗਿਆ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ’ਚ ਇਹ ਦੇਸ਼ ਪੱਧਰੀ ਪ੍ਰੋਗਰਾਮ ਜਾਰੀ ਰਹਿਣਗੇ ਅਤੇ ਹਜ਼ਾਰਾਂ ਪਿੰਡਾਂ ’ਚ ਰੋਜ਼ਾਨਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣ ਦੇ ਪ੍ਰੋਗਰਾਮ ਚਲਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਦੋਵਾਂ ਫੋਰਮਾਂ ਵੱਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ’ਚ ਕੀਤੀ ਗਈ ਮੀਟਿੰਗ ਵਿਚ ਅਗਲੇ ਪ੍ਰੋਗਰਾਮ ਉਲੀਕੇ ਗਏ ਹਨ, ਜੋ ਕਿ 24 ਮਾਰਚ ਨੂੰ ਸਾਂਝੀ ਅਤੇ ਅਹਿਮ ਪ੍ਰੈੱਸ ਕਾਨਫਰੰਸ ਕਰ ਕੇ ਅਗਲੇ ਪ੍ਰੋਗਰਾਮ ਜਨਤਾਂ ’ਚ ਐਲਾਨੇ ਜਾਣਗੇ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਸਬੀਰ ਸਿੰਘ ਪਿੱਦੀ, ਅਮਰਜੀਤ ਸਿੰਘ ਰੜਾ, ਤੇਜਬੀਰ ਸਿੰਘ ਪੰਜੋਖਰਾ ਹਰਿਆਣਾ, ਸੁਖਦੇਵ ਸਿੰਘ ਭੋਜਰਾਜ, ਹਰਵਿੰਦਰ ਸਿੰਘ ਮਸਾਣੀਆਂ, ਗੁਰਅਮਨੀਤ ਸਿੰਘ ਮਾਂਗਟ ਉਤਰ ਪ੍ਰਦੇਸ਼, ਸਤਨਾਮ ਸਿੰਘ ਸਾਹਨੀ, ਰਾਣਾ ਰਣਬੀਰ ਸਿੰਘ ਠੱਠਾ, ਜਰਨੈਲ ਸਿੰਘ ਕਾਲੇਕੇ, ਦਵਿੰਦਰ ਸਿੰਘ, ਸਤਵੰਤ ਸਿੰਘ ਲਵਲੀ ਸਮੇਤ ਹੋਰ ਆਗੂ ਹਾਜ਼ਰ ਰਹੇ।
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਪੁਲਸ ਗ੍ਰਿਫ਼ਤ ਵਿਚ ਉਨ੍ਹਾਂ ਦਾ 117ਵੇਂ ਦਿਨ ਵੀ ਸਰਕਾਰੀ ਜਬਰ ਵਿਰੁੱਧ ਅਤੇ ਕਿਸਾਨਾਂ-ਮਜ਼ਦੂਰਾਂ ਦੀਆ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਜਾਰੀ ਹੈ। ਜ਼ਿਕਰਯੋਗ ਹੈ ਕਿ 19 ਮਾਰਚ ਨੂੰ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਮੋਰਚਿਆ ਨੂੰ ਵਾਪਸ ਜਾ ਰਹੇ ਕਿਸਾਨ ਲੀਡਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੇ ਪਾਣੀ ਪੀਣਾ ਵੀ ਬੰਦ ਕੀਤਾ ਹੋਇਆ ਹੈ।
ਇਸ ਮੌਕੇ ਕਿਸਾਨ ਨੇਤਾਵਾਂ ਨੇ ਆਖਿਆ ਕਿ ਸਰਕਾਰ ਦੇ ਅਫਸਰਾਂ ਦੀ ਸ਼ਹਿ ’ਤੇ ਮਿਲੀਭੁਗਤ ਨਾਲ ਮੋਰਚਿਆਂ ਉੱਪਰੋਂ ਕਿਸਾਨਾਂ ਦੇ ਕੀਮਤੀ ਦੀ ਭੰਨਤੋੜ ਕੀਤੀ ਗਈ ਹੈ ਅਤੇ ਉਸ ਕੀਮਤੀ ਸਮਾਨ ਨੂੰ ਚੋਰੀ ਕਰਵਾਇਆ ਗਿਆ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਅਤੇ ਹਰ ਇਕ ਸਾਮਾਨ ਦੀ ਭਰਪਾਈ ਸਰਕਾਰ ਨੂੰ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਵਲ ਕੇਂਦਰ ਦੇ ਹੀ ਹੱਕ ’ਚ ਨਹੀਂ ਭੁਗਤੀ ਸਗੋਂ ਕਾਰਪੋਰੇਟ ਘਰਾਣਿਆਂ ਦੀ ਰਖੇਲ ਵਾਲਾ ਰੋਲ ਵੀ ਨਿਭਾਇਆ ਅਤੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ ਪ੍ਰੰਤੂ ਪੰਜਾਬ ਇਸ ਕੋਝੀ ਹਰਕਤ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਵਕਤ ਸਿਰ ਜਵਾਬ ਦੇਵੇਗਾ।
ਤਾਮਿਲਨਾਡੂ ’ਚ ਕਈ ਥਾਂ ਫੂਕੇ ਪੁਤਲੇ
ਕਿਸਾਨ ਨੇਤਾਵਾਂ ਨੇ ਦੱਸਿਆ ਕਿ ਅੱਜ ਤਮਿਲਾਡੂ ’ਚ ਕਈ ਜਗ੍ਹਾ ਉੱਪਰ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਕੱਲ੍ਹ ਕਈ ਜਗ੍ਹਾ ਉੱਪਰ ਤਮਿਲਨਾਡੂ ’ਚ ਰੇਲਾਂ ਵੀ ਰੋਕੀਆਂ ਗਈਆਂ ਸਨ।
ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦਾ ਇਕ ਵਫਦ ਪਟਿਆਲਾ ਜੇਲ ’ਚ ਬੰਦ ਕਿਸਾਨ ਆਗੂਆਂ ਨੂੰ ਮਿਲ ਕੇ ਆਇਆ ਅਤੇ ਉਨ੍ਹਾਂ ਜਾਣਕਾਰੀ ਦਿੱਤੀ ਕਿ 4 ਜੇਲਾਂ ’ਚ ਸਾਡੇ ਕਿਸਾਨ ਤੇ ਕਿਸਾਨ ਆਗੂ ਡੱਕੇ ਹੋਏ ਹਨ, ਜਿਸ ’ਚ ਪਟਿਆਲਾ, ਰੋਪੜ, ਨਾਭਾ ਅਤੇ ਮਾਨਸਾ ਹਨ ਅਤੇ ਜੇਕਰ ਹੋਰ ਵੀ ਜਾਣਕਾਰੀ ਮਿਲਦੀ ਹੈ ਕਿ ਕਿਸਾਨ ਹੋਰ ਵੀ ਕਿਸੇ ਜੇਲ ’ਚ ਬੰਦ ਹਨ ਤਾਂ ਕੱਲ ਨੂੰ ਉਹ ਵੀ ਸਾਂਝੀ ਕੀਤੀ ਜਾਵੇਗੀ।
ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ 23 ਮਾਰਚ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਪ੍ਰੋਗਰਾਮ ਹੋਣਗੇ ਅਤੇ 24 ਮਾਰਚ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
