ਘਰ ’ਚੋਂ 347 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, 2 ਕਾਬੂ
Batala news -: ਅੱਜ ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਉਂਦਿਆਂ ਪਿੰਡ ਕੁਤਬੀਨੰਗਲ ਤੋਂ 347 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ।
ਇਸ ਸਬੰਧੀ ਐੱਸ. ਐੱਚ. ਓ. ਸਿਵਲ ਲਾਈਨ ਗੁਰਦੇਵ ਸਿੰਘ ਤੇ ਐਕਸਾਈਜ਼ ਵਿਭਾਗ ਦੇ ਈ. ਟੀ. ਓ. ਦਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਈ. ਟੀ. ਸੀ. ਸੁਖਵਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਉਨ੍ਹਾਂ ਵੱਲੋਂ ਪੁਲਸ ਵਿਭਾਗ ਦੇ ਸਹਿਯੋਗ ਨਾਲ ਚਲਾਏ ਗਏ ਸਾਂਝੇ ਆਪ੍ਰੇਸ਼ਨ ਤਹਿਤ ਅੱਜ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਕੁਤਬੀਨੰਗਲ ਸਥਿਤ ਇਕ ਘਰ ਵਿਚ ਛਾਪਾ ਮਾਰਿਆ, ਜਿਥੋਂ ਦੋ ਵਿਅਕਤੀਆਂ ਕਾਬੂ ਕਰ ਕੇ ਘਰ ਦੀ ਲਈ ਗਈ ਤਲਾਸ਼ੀ ਦੌਰਾਨ 347 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕ੍ਰਮਵਾਰ ਸਤਿੰਦਰ ਕਿੰਦਾ ਪੁੱਤਰ ਗੁਰਬਚਨ ਅਤੇ ਅਜੈ ਪੁੱਤਰ ਡੇਵਿਡ ਵਾਸੀਆਨ ਪਿੰਡ ਕੁਤਬੀਨੰਗਲ, ਨੇੜੇ ਬਟਾਲਾ ਵਜੋਂ ਹੋਈ ਹੈ।
ਐੱਸ. ਐੱਚ. ਓ. ਅਤੇ ਈ. ਟੀ. ਓ. ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਇਹ ਸ਼ਰਾਬ 31 ਮਾਰਚ ਨੂੰ ਹੋਈ ਠੇਕਿਆਂ ਦੀ ਨਿਲਾਮੀ ਦੌਰਾਨ ਸਸਤੇ ਰੇਟਾਂ ’ਤੇ ਖਰੀਦੀ ਸੀ, ਜਿਸ ਨੂੰ ਇਹ ਲੋਕਾਂ ਨੂੰ ਮਹਿੰਗੇ ਭਾਅ ਵੇਚ ਰਹੇ ਸਨ, ਜਿਸਦੇ ਚਲਦਿਆਂ ਗੁਪਤ ਸੂਚਨਾ ਮਿਲਣ ਦੇ ਬਾਅਦ ਇਹ ਆਪ੍ਰੇਸ਼ਨ ਸਾਂਝੇ ਤੌਰ ’ਤੇ ਚਲਾ ਕੇ ਉਕਤ ਬਰਾਮਦ ਕੀਤੀਆਂ ਗਈਆਂ ਪੇਟੀਆਂ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਨ੍ਹਾਂ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।