ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮੈਨੇਜਮੈਂਟ ਦਾ ਪਿੱਟ-ਸਿਆਪਾ

ਸਮੂਹ ਡਿਪੂਆਂ ਦੇ ਗੇਟ ’ਤੇ ਰੈਲੀ ਕਰ ਕੇ ਕੀਤਾ ਪ੍ਰਦਰਸ਼ਨ

ਪਟਿਆਲਾ :- ਪੰਜਾਬ ਰੋਡਵੇਜ਼/ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ 25/11 ਵੱਲੋਂ ਸਮੂਹ ਡਿਪੂਆਂ ਦੇ ਗੇਟ ’ਤੇ ਰੈਲੀ ਕਰ ਕੇ ਸਰਕਾਰ ਅਤੇ ਮੈਨੇਜਮੈਂਟ ਦਾ ਪਿੱਟ-ਸਿਆਪਾ ਕੀਤਾ।
ਸੂਬਾ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਡਿੱਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ, ਸੈਕਟਰੀ ਜਸਦੀਪ ਸਿੰਘ ਲਾਲੀ, ਚੇਅਰਮੈਨ ਸੁਲਤਾਨ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਸਮੇਂ ’ਚ ਪੰਜਾਬ ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗ ਹੋਈਆਂ, ਜਿਨ੍ਹਾਂ ਸਦਕਾ ਕੁਝ ਮੰਗਾਂ ’ਤੇ ਸਰਕਾਰ ਨਾਲ ਸਹਿਮਤੀ ਬਣੀ। ਦੋਵੇਂ ਵਿਭਾਗਾਂ ’ਚ ਲਾਗੂ ਕਰਨ ਲਈ ਹਦਾਇਤਾਂ ਕੀਤੀਆਂ ਗਈਆ ਪਰ ਪੀ. ਆਰ. ਟੀ. ਸੀ. ’ਚ ਮੈਨੇਜਮੈਂਟ ਵੱਲੋਂ ਮੰਗਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲ-ਮਟੋਲ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਵਾਰ-ਵਾਰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮੈਨੇਜਮੈਂਟ ਅਤੇ ਯੂਨੀਅਨ ਦੀਆਂ ਕਾਫੀ ਮੀਟਿੰਗ ਹੋ ਚੁੱਕੀਆਂ ਹਨ। ਹਰ ਵਾਰ ਮੈਨੇਜਮੈਂਟ ਲਾਗੂ ਕਰਨ ਦਾ ਲਾਰਾ ਲਾ ਕੇ ਸਮਾਂ ਖਰਾਬ ਕੀਤਾ ਜਾ ਰਿਹਾ ਹੈ।
ਯੂਨੀਅਨ ਵੱਲੋਂ ਮੈਨੇਜਮੈਂਟ ਨੂੰ ਮੰਗ-ਪੱਤਰ ਵੀ ਭੇਜ ਗਏ ਹਨ ਪਰ ਲਗਾਤਾਰ ਮੰਗਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਕੁਝ ਮੰਗਾਂ ਦਾ ਹੱਲ ਮੈਨੇਜਮੈਂਟ ਕਰਨ ਦੇ ਸਮਰੱਥ ਹੈ ਪਰ ਜਾਣਬੁਝ ਕੇ ਕਰਨਾ ਨਹੀਂ ਚਾਹੁੰਦੀ, ਜਿਸ ਕਾਰਨ ਸੰਘਰਸ਼ ਦੇ ਰਾਹ ਤੁਰਨਾ ਪੈਂਦਾ ਹੈ। ਸਰਕਾਰ ਵੱਲੋਂ ਹੁਕਮ ਕੀਤੇ ਗਏ ਕਿ ਜਿਹਡ਼ੀ ਤਨਖਾਹ ਤੇ ਵਰਕਰਾਂ ਦੀ ਰਿਪੋਰਟ ਹੁੰਦੀ ਹੈ, ਉਸ ਤਨਖਾਹ ’ਤੇ ਬਹਾਲ ਕੀਤਾ ਜਾਵੇ।
ਇਸ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਲਾਗੂ ਵੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਪਰ ਪੀ. ਆਰ. ਟੀ. ਸੀ. ਮੈਨੇਜਮੈਂਟ ਜਾਣ-ਬੁਝ ਕੇ ਪੱਤਰ ਨੂੰ ਦੱਬ ਕੇ ਬੈਠੀ ਹੈ। ਘੱਟ ਤਨਖਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧੇ ਦੇ ਪੱਤਰ ਵੀ ਸਰਕਾਰ ਵੱਲੋਂ ਜਾਰੀ ਹੋ ਚੁੱਕੇ ਹਨ ਪਰ ਮੈਨੇਜਮੈਂਟ ਜਾਰੀ ਨਹੀਂ ਕਰ ਰਹੀ। ਇਸ ਤੋਂ ਇਲਾਵਾ ਵਰਕਸ਼ਾਪ ਦੇ ਸਕਿੱਲਡ ਦਾ ਮਸਲਾ ਲੰਮੇ ਸਮੇਂ ਤੋਂ ਲਮਕਾਇਆ ਜਾ ਰਿਹਾ ਹੈ। ਹਰ ਵਾਰ ਮੈਨੇਜਮੈਂਟ ਇਸ ਮੰਗ ਨੂੰ ਹੱਲ ਕਰਨ ਦਾ ਭਰੋਸਾ ਦਿੰਦੀ ਹੈ ਪਰ ਟਾਲ-ਮਟੋਲ ਕਰਦੀ ਹੈ।
ਸੋਸ਼ਲ ਵੈੱਲਫੇਅਰ ਫੰਡ ਦੀ ਕਟੌਤੀ ਕੀਤੀ ਜਾਂਦੀ ਹੈ ਪਰ ਲਾਭ ਕਿਸੇ ਵੀ ਮੁਲਾਜ਼ਮ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 2016 ਦੇ 55 ਨੰਬਰ ਐਕਟ ਮੁਤਾਬਕ ਕੁਝ ਮੁਲਾਜ਼ਮਾਂ ਨੂੰ ਇਸ ਬੈਨੀਫਿਟ ਤੋਂ ਬਿਨਾਂ ਰੱਖਿਆ ਗਿਆ, ਉਹ ਲਾਭ ਦਿੱਤਾ ਜਾਵੇ । ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ।
ਮੁੱਖ ਸਲਾਹਕਾਰ ਵੀਰ ਚੰਦ ਸ਼ਰਮਾ ਅਤੇ ਚੇਅਰਮੈਨ ਸੁਲਤਾਨ ਘਨੌਰ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਮੰਗਾਂ ਦਾ ਹੱਲ ਨਾ ਕੀਤਾ ਤਾਂ 24 ਫ਼ਰਵਰੀ ਨੂੰ ਪਟਿਆਲਾ ਬੱਸ ਸਟੈਂਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਮੇਨ ਚੌਕ ਬੰਦ ਕੀਤਾ ਜਾਵੇਗਾ, ਜੇਕਰ ਫ਼ਿਰ ਵੀ ਕੋਈ ਹੱਲ ਨਹੀਂ ਕੀਤਾ ਤਾਂ ਵਿਧਾਨ ਸਭਾ ਦੇ ਸੈਸ਼ਨ ਦਾ ਘਿਰਾਓ ਕਰ ਕੇ ਸਵਾਲ-ਜਵਾਬ ਕੀਤੇ ਜਾਣਗੇ।
ਇਸ ਰੈਲੀ ’ਚ ਅਤਿੰਦਰ 260, ਸਤਪਾਲ ਸਿੰਘ, ਰਮਨ ਜੀਤ ਸਿੰਘ, ਪਵਨ ਢੀਂਡਸਾ, ਚੇਅਰਮੈਨ ਸੁਲਤਾਨ ਘਨੌਰ, ਪਵਨ ਢੀਂਡਸਾ, ਸ਼ਮਸ਼ੇਰ ਸ਼ਰਮਾ, ਬੀਰ ਚੰਦ ਸ਼ਰਮਾ, ਜੋਤ ਘਣੌਰ, ਅਵਤਾਰ ਬਕਰਾਹਾ ਮੈਬਰ, ਹਰਜਿੰਦਰ ਗੋਰਾ ਮੈਂਬਰ, ਲਖਵਿੰਦਰ ਸਿੰਘ, ਸੋਨੀ ਸ਼ੁਤਰਾਣਾ ਮੈਂਬਰ, ਗੁਰਸੇਵਕ ਸਿੰਘ ਸ਼ੁਤਰਾਣਾ, ਸੰਜੀਤ ਕੁਮਾਰ ਆਦਿ ਆਗੂ ਸਾਹਿਬਾਨ ਸ਼ਾਮਲ ਹੋਏ।

Leave a Reply

Your email address will not be published. Required fields are marked *