ਮਲੋਟ :- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਦੇ ਮਾਮਲੇ ਵਿਚ ਵਾਰ-ਵਾਰ ਨਾਮਜ਼ਦ ਅਤੇ ਸਜ਼ਾ ਯਾਫ਼ਤਾ ਦੋਸ਼ੀਆਂ ਦੀ ਨਸ਼ਾ ਵੇਚ ਕੇ ਬਣਾਈ ਜਾਇਦਾਦ ਨੂੰ ਸੀਲ ਕੀਤਾ ਜਾ ਰਿਹਾ ਹੈ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਡਾ. ਅਖਿਲ ਚੌਧਰੀ ਦੇ ਨਿਰਦੇਸ਼ਾਂ ਤਹਿਤ ਡੀ. ਐੱਸ. ਪੀ. ਲੰਬੀ ਜਸਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਵੀ ਅਜਿਹੇ ਨਸ਼ਾ ਸਮੱਗਲਰ ਦੀ ਜਾਇਦਾਦ ਨੂੰ ਸੀਲ ਕੀਤਾ ਗਿਆ ਹੈ।
ਥਾਣਾ ਕਬਰਵਾਲਾ ਦੀ ਚੌਕੀ ਪੰਨੀ ਵਾਲਾ ਅਧੀਨ ਪਿੰਡ ਮਿੱਡਾ ਦੇ ਧਰਮਿੰਦਰ ਰਾਮ ਉਰਫ਼ ਧਲਵਿੰਦਰ ਰਾਮ ਪੁੱਤਰ ਦਰਸ਼ਨ ਰਾਮ ਵਿਰੁੱਧ ਚਾਰ ਮਾਮਲੇ ਦਰਜ ਹਨ। ਪੋਸਤ ਦੀ ਬਰਾਮਦਗੀ ਦੇ ਇਕ ਮਾਮਲੇ ਵਿਚ ਉਹ ਜੇਲ ਵੀ ਜਾ ਚੁੱਕਾ ਹੈ, ਉਸ ਵਿਰੁੱਧ ਕਮਰਸ਼ੀਅਲ ਬਰਾਮਗਦੀ ਦਾ ਮੁਕੱਦਮਾ ਦਰਜ ਹੈ।
ਇਨ੍ਹਾਂ ਖ਼ਿਲਾਫ਼ ਪਹਿਲਾਂ ਹੀ 4 ਹੋਰ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚੋਂ ਕਮਰਸ਼ੀਅਲ ਮਾਤਰਾ ਵਿਚ ਨਸ਼ਾ ਬਰਾਮਦ ਹੋਇਆ ਸੀ। ਸੀਲ ਕੀਤੀ ਜਾਇਦਾਦ ਦੀ ਕੁੱਲ ਕੀਮਤ 18,22,000 ਰੁਪਏ ਹੈ, ਜਿਸ ਦੀ ਅਟੈਚਮੈਂਟ ਲਈ ਕੇਸ ਤਿਆਰ ਕਰ ਕੇ ਕੰਪੀਟੈਂਟ ਅਥਾਰਟੀ ਕੋਲ ਭੇਜਿਆ ਗਿਆ। ਹੁਣ ਉਸ ਦੀ ਜਾਇਦਾਦ ’ਤੇ ਨੋਟਿਸ ਲਗਾਇਆ ਗਿਆ ਹੈ ਕਿ ਉਹ ਇਸ ਨੂੰ ਵੇਚ ਨਹੀਂ ਸਕੇਗਾ।
ਇਸ ਸਬੰਧੀ ਅੱਜ ਸੀਨੀਅਰ ਅਧਿਕਾਰੀਆਂ ਦੇ ਅਦੇਸ਼ਾਂ ’ਤੇ ਡੀ. ਐੱਸ. ਪੀ. ਲੰਬੀ ਜਸਪਾਲ ਸਿੰਘ ਦੀ ਅਗਵਾਈ ਹੇਠ ਕਬਰਵਾਲਾ ਥਾਣੇ ਦੇ ਇੰਚਾਰਜ ਦਵਿੰਦਰ ਕੁਮਾਰ ਤੇ ਪੰਨੀਵਾਲਾ ਚੌਕੀ ਦੇ ਇੰਚਾਰਜ ਸੁਖਜੀਤ ਸਿੰਘ ਧਾਲੀਵਾਲ ਸਮੇਤ ਪੁਲਸ ਨੇ ਧਰਮਿੰਦਰ ਰਾਮ ਦੀ ਇਸ ਚੱਲ ਅਚੱਲ ਜਾਇਦਾਦ ਨੂੰ ਫਰੀਜ਼ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪਿੰਡ ਵਿਚ ਦੋ ਵਿਅਕਤੀਆਂ ਦੀ ਜਾਇਦਾਦ ਨੂੰ ਪਹਿਲਾਂ ਵੀ ਫਰੀਜ਼ ਕੀਤਾ ਗਿਆ ਹੈ।
