ਬਠਿੰਡਾ -ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈ. ਨੂੰ ਇਕ ਕਿਸਾਨ ਤੋਂ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਰੰਗੇ ਹੱਥੀਂ ਕਾਬੂ ਕੀਤਾ ਹੈ। ਕਥਿਤ ਦੋਸ਼ੀ ਜੇ. ਈ. ਨੇ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਦੇ ਬਦਲੇ ਕਿਸਾਨ ਤੋਂ ਪੈਸਿਆਂ ਦੀ ਮੰਗ ਕੀਤੀ ਸੀ।
ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਬਠਿੰਡਾ ਦੇ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਦਾਸ ਸਿੰਘ ਵਾਸੀ ਭੁੱਚੋ ਕਲਾਂ ਨੇ ਆਪਣੇ ਖੇਤਾਂ ਵਿਚ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਲਈ ਪਾਵਰਕਾਮ ਨੂੰ ਦਰਖਾਸਤ ਦਿੱਤੀ ਸੀ ਪਰ 66 ਕੇ. ਵੀ. ਗਰਿੱਡ ਭੁੱਚੋ ਕਲਾਂ ਵਿਚ ਤਾਇਨਾਤ ਜੇ. ਈ. ਸੰਦੀਪ ਕੁਮਾਰ (ਪੀ. ਐੱਸ. ਪੀ. ਸੀ. ਐੱਲ.) ਤੋਂ ਪੈਸੇ ਦੀ ਮੰਗ ਕਰ ਰਿਹਾ ਸੀ , ਜਿਸ ਕਾਰਨ ਸ਼ਿਕਾਇਤਕਰਤਾ ਨੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ।
ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਸ਼ਨੀਵਾਰ ਨੂੰ ਮੁਲਜ਼ਮ ਜੇ. ਈ. ਸੰਦੀਪ ਕੁਮਾਰ ਨੂੰ 7,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਬਠਿੰਡਾ ਨੇ ਮੁਲਜ਼ਮ ਜੇ. ਈ. ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
