ਚੰਡੀਗੜ੍ਹ ਨਾਲ ਲੱਗਦੇ ਇਲਾਕੇ ਵਿਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (IISER) ਦੇ ਇਕ ਵਿਗਿਆਨੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਹਮਲਾਵਰ ਵਿਰੁੱਧ ਬੀ. ਐਨ. ਐਸ. ਦੀ ਧਾਰਾ 105 ਦੇ ਤਹਿਤ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਮਲਾਵਰ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਵਿਚ ਕੰਮ ਕਰਨ ਵਾਲੇ 39 ਸਾਲਾ ਵਿਗਿਆਨੀ ਡਾ. ਅਭਿਸ਼ੇਕ ਸਵਰਨਕਰ ਦੀ ਆਪਣੇ ਗੁਆਂਢੀ ਮੋਂਟੀ ਨਾਲ ਲੜਾਈ ਤੋਂ ਬਾਅਦ ਮੌਤ ਹੋ ਗਈ। ਮੋਹਾਲੀ ਦੇ ਸੈਕਟਰ 67 ਵਿਚ ਬੀਤੀ ਰਾਤ ਪਾਰਕਿੰਗ ਵਿਵਾਦ ਵਿਚ ਵਿਗਿਆਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਇਹ ਦੁਖਦਾਈ ਘਟਨਾ 11 ਮਾਰਚ 2025 ਦੀ ਰਾਤ ਨੂੰ ਮੋਹਾਲੀ ਦੇ ਸੈਕਟਰ 67 ਵਿਚ ਉਸਦੇ ਕਿਰਾਏ ਦੇ ਘਰ ਨੇੜੇ ਵਾਪਰੀ। ਸੀ. ਸੀ. ਟੀ. ਵੀ. ਫੁਟੇਜ ਦੇ ਅਨੁਸਾਰ, ਝਗੜੇ ਦੌਰਾਨ, ਮੋਂਟੀ ਨੇ ਉਸਨੂੰ ਜ਼ੋਰ ਨਾਲ ਧੱਕਾ ਦਿੱਤਾ ਅਤੇ ਉਸਦੇ ਪੇਟ ‘ਤੇ ਕਈ ਵਾਰ ਮਾਰਿਆ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਪਏ ਅਤੇ ਦੁਬਾਰਾ ਨਹੀਂ ਉੱਠ ਸਕੇ।
ਜਾਣਕਾਰੀ ਅਨੁਸਾਰ ਅਭਿਸ਼ੇਕ ਪਹਿਲਾਂ ਹੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਡਾਇਲਸਿਸ ਵੀ ਕਰਵਾ ਰਿਹਾ ਸੀ। ਉਸਦੀ ਭੈਣ ਨੇ ਅਭਿਸ਼ੇਕ ਨੂੰ ਇਕ ਕਿਡਨੀ ਡੋਨੇਟ ਕੀਤੀ ਸੀ। ਕਿਡਨੀ ਟ੍ਰਾਂਸਪਲਾਂਟ ਤੋਂ ਬਾਅਦ ਉਹ ਡਾਇਲਸਿਸ ‘ਤੇ ਸੀ ਅਤੇ ਠੀਕ ਹੋ ਰਹੇ ਸੀ। ਉਨ੍ਹਾਂ ਦੀ ਖੋਜ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਲੜਾਈ ਤੋਂ ਬਾਅਦ ਅਭਿਸ਼ੇਕ ਮੌਕੇ ‘ਤੇ ਹੀ ਬੇਹੋਸ਼ ਹੋ ਗਿਆ ਅਤੇ ਮੋਂਟੀ ਘਬਰਾਹਟ ਵਿਚ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਵਿਗਿਆਨੀ ਅਭਿਸ਼ੇਕ ਦਾ ਪੋਸਟਮਾਰਟਮ
ਅਭਿਸ਼ੇਕ IISER ਨੈਸ਼ਨਲ ਪੋਸਟਡਾਕਟੋਰਲ ਫੈਲੋਸ਼ਿਪ ਦੇ ਤਹਿਤ ਸ਼ਾਮਲ ਹੋਇਆ ਸੀ। ਇਸ ਸਬੰਧੀ ਫੇਜ਼-11 ਥਾਣੇ ਵਿੱਚ ਐਫ. ਆਈ. ਆਰ. ਦਰਜ ਕੀਤੀ ਗਈ ਹੈ। ਵਿਗਿਆਨੀ ਅਭਿਸ਼ੇਕ ਸਵਰਨਕਰ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ। ਉਹ ਮੋਹਾਲੀ ਵਿਚ ਆਪਣੇ ਮਾਪਿਆਂ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਗੁਆਂਢੀ ਮੋਂਟੀ ਪਹਿਲਾਂ ਹੀ ਅਭਿਸ਼ੇਕ ਦੀ ਸਿਹਤ ਸਥਿਤੀ ਤੋਂ ਜਾਣੂ ਸੀ, ਇਸ ਦੇ ਬਾਵਜੂਦ ਉਸਨੇ ਉਸ ‘ਤੇ ਹਮਲਾ ਕੀਤਾ।
