ਪਾਕਿ-ਆਈ. ਐੱਸ. ਆਈ. ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦਾ ਪਰਦਾਫਾਸ਼

ਇਕ ਹੈਂਡ ਗ੍ਰੇਨੇਡ ਅਤੇ 2 ਪਿਸਤੌਲਾਂ ਸਮੇਤ 2 ਕਾਬੂ

ਅੰਮ੍ਰਿਤਸਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਸ ਦੇ ਐੱਸ. ਐੱਸ. ਓ. ਸੀ. ਅੰਮ੍ਰਿਤਸਰ ਨੇ ਅਮਰੀਕਾ ਆਧਾਰਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਛੀਆ ਅਤੇ ਅਮਰੀਕਾ ਆਧਾਰਿਤ ਖਤਰਨਾਕ ਨਸ਼ਾ ਸਮੱਗਲਰ ਸਰਵਣ ਭੋਲਾ ਵੱਲੋਂ ਚਲਾਏ ਜਾ ਰਹੇ ਪਾਕਿ-ਆਈ. ਐੱਸ. ਆਈ. ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦੇ ਦੋ ਮੈਂਬਰਾਂ, ਜੋ ਅੰਮ੍ਰਿਤਸਰ ਦੀ ਗੁੰਮਟਾਲਾ ਪੁਲਸ ਚੌਕੀ ’ਤੇ ਹੈਂਡ ਗ੍ਰੇਨੇਡ ਹਮਲੇ ਵਿਚ ਸ਼ਾਮਲ ਸਨ, ਨੂੰ ਗ੍ਰਿਫਤਾਰ ਕਰ ਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਇਹ ਜਾਣਕਾਰੀ ਦਿੰਦਿਆ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਗਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਸਿਰਸਾ, ਹਰਿਆਣਾ ਅਤੇ ਪੁਸ਼ਕਰਨ ਸਿੰਘ ਉਰਫ਼ ਸਾਗਰ ਵਾਸੀ ਅਮਰਕੋਟ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਹੈਂਡ ਗ੍ਰੇਨੇਡ ਅਤੇ ਦੋ ਆਧੁਨਿਕ ਪਿਸਤੌਲਾਂ ਸਮੇਤ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ।

ਜਾਣਕਾਰੀ ਅਨੁਸਾਰ ਇਸ ਸਾਲ 9 ਜਨਵਰੀ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵਿਚ ਗੁੰਮਟਾਲਾ ਪੁਲਸ ਚੌਕੀ ’ਤੇ ਕੁਝ ਵਿਅਕਤੀਆਂ ਨੇ ਹੈਂਡ ਗ੍ਰੇਨੇਡ ਸੁੱਟਿਆ ਸੀ। ਇਸ ਘਟਨਾ ਉਪਰੰਤ ਅੱਤਵਾਦੀ ਸੰਗਠਨ ਬੀ. ਕੇ. ਆਈ. ਨੇ ਇਸ ਵਾਰਦਾਤ ਦੀ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜ਼ਿੰਮੇਵਾਰੀ ਲਈ ਸੀ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬੱਗਾ ਸਿੰਘ, ਸਰਵਣ ਭੋਲਾ ਦਾ ਰਿਸ਼ਤੇਦਾਰ ਹੈ, ਜੋ ਕਿ ਨਾਮੀ ਸਮੱਗਲਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ ਅਤੇ ਇਸ ਸਮੇਂ 532 ਕਿਲੋ ਹੈਰੋਇਨ ਦੀ ਰਿਕਵਰੀ ਕੇਸ ਵਿਚ ਬਠਿੰਡਾ ਜੇਲ ਵਿਚ ਬੰਦ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਸਰਵਣ ਸਿੰਘ ਵੀ 532 ਕਿਲੋ ਹੈਰੋਇਨ ਰਿਕਵਰੀ ਕੇਸ ਵਿਚ ਲੋੜੀਂਦਾ ਹੈ ਅਤੇ ਉਸ ’ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਸਰਵਣ ਭੋਲਾ, ਜੋ ਕਿ ਅਮਰੀਕਾ ਤੋਂ ਨਸ਼ਾ ਸਮੱਗਲਿੰਗ ਦਾ ਨੈੱਟਵਰਕ ਚਲਾ ਰਿਹਾ ਹੈ, ਨੇ ਸਰਹੱਦੀ ਸੂਬੇ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਰਿਸ਼ਤੇਦਾਰ ਬੱਗਾ ਸਿੰਘ ਅਤੇ ਉਸ ਦੇ ਸਾਥੀ ਪੁਸ਼ਕਰਨ ਦੀ ਹੈਪੀ ਪਛੀਅਾ ਅਤੇ ਹਰਵਿੰਦਰ ਰਿੰਦਾ ਨਾਲ ਜਾਣ-ਪਛਾਣ ਕਰਵਾਈ ਸੀ।

ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਸਮੁੱਚੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ ਐੱਸ. ਐੱਸ. ਓ. ਸੀ. ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਗੁੰਮਟਾਲਾ ਪੁਲਸ ਚੌਕੀ ’ਤੇ ਹਮਲੇ ਤੋਂ ਬਾਅਦ ਪੁਲਸ ਟੀਮਾਂ ਨੇ ਇਕ ਖੁਫੀਆ ਆਪ੍ਰੇਸ਼ਨ ਚਲਾਇਆ ਅਤੇ ਹਰਿਆਣਾ ਦੇ ਸਿਰਸਾ ਤੋਂ ਬੱਗਾ ਸਿੰਘ ਅਤੇ ਅੰਮ੍ਰਿਤਸਰ ਖੇਤਰ ਤੋਂ ਪੁਸ਼ਕਰਨ ਸਿੰਘ ਨੂੰ ਵਿਸਫੋਟਕਾਂ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੁਲਜ਼ਮ ਵਿਅਕਤੀਆਂ ਵਲੋਂ ਕੀਤੇ ਗਏ ਪਿਛਲੇ ਅਪਰਾਧਾਂ ਦਾ ਪਤਾ ਲਗਾਉਣ ਅਤੇ ਇਸ ਮਾਡਿਊਲ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਯਤਨ ਜਾਰੀ ਹਨ।

Leave a Reply

Your email address will not be published. Required fields are marked *