11 ਫੌਜੀਆਂ ਦੀ ਮੌਤ, 182 ਨੂੰ ਬਣਾਇਆ ਬੰਧਕ
ਪਾਕਿਸਤਾਨ ਵਿਚ ਬਲੋਚ ਲਿਬਰੇਸ਼ਨ ਫੌਜ ਨੇ ਰੇਲਗੱਡੀ ਨੂੰ ਹਾਈਜੈਕ ਕਰ ਲਿਆ ਹੈ, ਜਿਸ ਕਾਰਨ ਲਗਭਗ 400 ਲੋਕ ਅੱਤਵਾਦੀਆਂ ਦੀ ਕੈਦ ਵਿਚ ਫਸ ਗਏ ਸਨ। ਇਸ ਰੇਲਗੱਡੀ ਵਿਚ 190 ਤੋਂ ਵੱਧ ਫੌਜੀ ਵੀ ਸਫ਼ਰ ਕਰ ਰਹੇ ਸਨ। ਅਜਿਹੀ ਸਥਿਤੀ ਵਿਚ ਬਲੋਚਿਸਤਾਨ ਫੌਜ ਦੇ ਅੱਤਵਾਦੀਆਂ ਨੇ ਜ਼ਫਰ ਐਕਸਪ੍ਰੈਸ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਤਾਂ ਛੱਡ ਦਿੱਤਾ ਪਰ ਰੇਲਗੱਡੀ ਵਿਚ ਸਵਾਰ ਫੌਜੀਆਂ ਨੂੰ ਬੰਧਕ ਬਣਾ ਲਿਆ । ਇਸ ਦੌਰਾਨ ਹੋਏ ਮੁਕਾਬਲੇ ਵਿਚ ਪਾਕਿਸਤਾਨ ਦੇ 11 ਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ 182 ਨੂੰ ਬੰਧਕ ਬਣਾ ਲਿਆ ਗਿਆ ਹੈ।
ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਹਾਈਜੈਕਰਾਂ ਤੋਂ ਰੇਲਗੱਡੀ ਛੁਡਾਉਣ ਲਈ ਮੋਰਚਾ ਸਾਂਭ ਲਿਆ ਹੈ। ਉਧਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰੇਲਗੱਡੀ ਨੂੰ ਮਸ਼ਕਫ਼, ਧਾਦਰ ਅਤੇ ਬੋਲਨ ਵਿਚ ਸਾਵਧਾਨੀ ਨਾਲ ਹਾਈਜੈਕ ਕੀਤਾ ਗਿਆ ਸੀ। ਸਾਡੇ ਲੜਾਕਿਆਂ ਨੇ ਪਹਿਲਾਂ ਰੇਲਗੱਡੀ ਦੀ ਪਟੜੀ ‘ਤੇ ਬੰਬ ਸੁੱਟਿਆ, ਜਿਸ ਤੋਂ ਬਾਅਦ ਉਹ ਆਸਾਨੀ ਨਾਲ ਰੁਕ ਗਈ। ਇਸ ਤੋਂ ਬਾਅਦ ਸਾਰੇ ਲੜਾਕਿਆਂ ਨੇ ਪੂਰੀ ਰੇਲਗੱਡੀ ਨੂੰ ਹਾਈਜੈਕ ਕਰ ਲਿਆ।
ਬੀ. ਐੱਲ. ਏ. ਦਾ ਕਹਿਣਾ ਹੈ ਕਿ ਜਿਵੇਂ ਹੀ ਰੇਲਗੱਡੀ ਰੁਕੀ, ਸਾਡੇ ਲੋਕਾਂ ਨੇ ਰੇਲਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਅੱਤਵਾਦੀ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਕਾਰਵਾਈ ਕਰਦੀ ਹੈ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ।
ਬੀ. ਐੱਲ. ਏ. ਦੀ ਪਾਕਿਸਤਾਨੀ ਫੌਜ ਨੂੰ ਚਿਤਾਵਨੀ
ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਪਾਕਿਸਤਾਨੀ ਫੌਜ ਨੂੰ ਸਖ਼ਤ ਚਿਤਵਾਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ, ਤਾਂ ਇਸਦੇ ਗੰਭੀਰ ਨਤੀਜੇ ਹੋਣਗੇ। ਸੰਗਠਨ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ ਅਤੇ ਇਸਦੀ ਪੂਰੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ਦੀ ਹੋਵੇਗੀ।
ਬਲੋਚਿਸਤਾਨ ਵਿਚ ਵੱਖਵਾਦੀ ਸੰਗਠਨ ਲੰਬੇ ਸਮੇਂ ਤੋਂ ਪਾਕਿਸਤਾਨ ਵਿਰੁੱਧ ਲੜ ਰਹੇ ਹਨ। ਇਹ ਇਲਾਕਾ ਅੱਤਵਾਦੀ ਗਤੀਵਿਧੀਆਂ ਦਾ ਗੜ੍ਹ ਬਣਿਆ ਹੋਇਆ ਹੈ, ਜਿੱਥੇ ਪਾਕਿਸਤਾਨ ਸਰਕਾਰ ਖਿਲਾਫ ਲਗਾਤਾਰ ਵਿਰੋਧ ਵੱਧ ਰਿਹਾ ਹੈ।
ਬੰਧਕਾਂ ਵਿਚ ਪਾਕਿਸਤਾਨੀ ਫੌਜੀ ਵੀ ਸ਼ਾਮਲ
ਬੰਧਕਾਂ ਵਿਚ ਪਾਕਿਸਤਾਨੀ ਫੌਜ, ਪੁਲਿਸ, ਐਂਟੀ ਟੈਰਰਿਜ਼਼ਮ ਫੋਰਸ (ATF) ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਸਰਗਰਮ ਡਿਊਟੀ ਕਰਮਚਾਰੀ ਸ਼ਾਮਲ ਸਨ, ਜੋ ਛੁੱਟੀ ‘ਤੇ ਪੰਜਾਬ ਜਾ ਰਹੇ ਸਨ। ਆਈ. ਐੱਸ.ਆਈ. ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਜਵਾਬੀ ਕਾਰਵਾਈ ਕਰਦੀ ਹੈ, ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। ਬੀ. ਐੱਲ. ਏ. ਦੇ ਬੁਲਾਰੇ ਜਿਆਂਦ ਬਲੋਚ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਆਪਰੇਸ਼ਨ ਵੈਲ ਪਲਾਨਡ ਸੀ ਅਤੇ ਰੇਲਗੱਡੀ ਅਤੇ ਯਾਤਰੀ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਲੜਾਕਿਆਂ ਦੇ ਕੰਟਰੋਲ ਵਿਚ ਹਨ।
