ਰਾਜਿੰਦਰ ਮੇਘਵਾਰ ਫੈਸਲਾਬਾਦ ਪੁਲਸ ’ਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਤਾਇਨਾਤ
ਇਸਲਾਮਾਬਾਦ, 7 ਦਸੰਬਰ : ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਹਿੰਦੂ ਪਰਿਵਾਰ ਦੇ ਨੌਜਵਾਨ ਰਾਜਿੰਦਰ ਮੇਘਵਾਰ ਨੂੰ ਪਾਕਿਸਤਾਨ ਪੁਲਿਸ ਵਿਚ ਉੱਚ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਰਾਜਿੰਦਰ ਮੇਘਵਾਰ ਪਾਕਿਸਤਾਨ ਦੇ ਇਤਿਹਾਸ ’ਚ ਪਾਕਿਸਤਾਨ ਪੁਲਿਸ ਸੇਵਾ (ਪੀ. ਐੱਸ. ਪੀ.) ’ਚ ਪਹਿਲੇ ਹਿੰਦੂ ਅਧਿਕਾਰੀ ਬਣ ਗਏ ਹਨ। ਉਸਨੇ ਫੈਸਲਾਬਾਦ ’ਚ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਫੈਸਲਾਬਾਦ ਪੁਲਸ, ਗੁਲਬਰਗ ਵਿਚ ਸਹਾਇਕ ਪੁਲਿਸ ਸੁਪਰਡੈਂਟ (ਏ. ਐੱਸ. ਪੀ.) ਵਜੋਂ ਤਾਇਨਾਤ ਇਕ ਹਿੰਦੂ ਨੌਜਵਾਨ ਮੇਘਵਾਰ ਸਿੰਧ ਦੇ ਗਰੀਬ ਇਲਾਕੇ ਬਦੀਨ ਦਾ ਰਹਿਣ ਵਾਲਾ ਹੈ।
ਉਹ ਪਾਕਿਸਤਾਨ ਦੀ ਸੀ. ਐੱਸ. ਐੱਸ. ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੁਲਸ ਫੋਰਸ ਵਿਚ ਸ਼ਾਮਲ ਹੋਇਆ ਸੀ। ਪੁਲਸ ਵਿਭਾਗ ’ਚ ਆਪਣੀ ਨਿਯੁਕਤੀ ’ਤੇ ਏ. ਐੱਸ. ਪੀ. ਮੇਘਵਾਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਲੋਕਾਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਵਿਭਾਗ ਵਿਚ ਰਹਿ ਕੇ ਅਸੀਂ ਹੇਠਲੇ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ, ਜੋ ਅਸੀਂ ਦੂਜੇ ਵਿਭਾਗਾਂ ਵਿਚ ਨਹੀਂ ਕਰ ਸਕਦੇ।
ਦੂਜੇ ਪਾਸੇ ਪੁਲਸ ਅਧਿਕਾਰੀ ਵੀ ਆਸਵੰਦ ਹਨ ਕਿ ਪੰਜਾਬ ਪੁਲਸ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਫੈਸਲਾਬਾਦ ’ਚ ਕਿਸੇ ਹਿੰਦੂ ਨੌਜਵਾਨ ਨੂੰ ਏ. ਐੱਸ. ਪੀ. ਨਿਯੁਕਤ ਕੀਤਾ ਜਾਵੇਗਾ।
ਪਾਕਿਸਤਾਨ ਹਿੰਦੂ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਜਿੰਦਰ ਮੇਘਵਾਰ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਮਦਦ ਕਰਨਗੇ। ਅਸੀਂ ਖੁਸ਼ਕਿਸਮਤ ਹਾਂ ਕਿ ਇਕ ਹਿੰਦੂ ਪੁਲਸ ਅਫਸਰ ਹੈ।