ਨਾਗਪੁਰ : ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਦੀ ਗੇਂਦਬਾਜ਼ੀ ਅਤੇ ਸ਼ੁਭਮਨ ਗਿੱਲ ਦੀ ਪਾਰੀ ਦੀ ਬਦੌਲਤ ਭਾਰਤ ਨੇ ਪਹਿਲੇ ਵਨਡੇ ਮੈਚ ਵਿਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਮਾਨ ਟੀਮ 47.4 ਓਵਰਾਂ ਵਿਚ 248 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਬੱਲੇਬਾਜ਼ਾਂ ਨੇ ਇਸ ਟੀਚੇ ਦਾ ਪਿੱਛਾ 11 ਓਵਰ ਪਹਿਲਾਂ ਹੀ ਕਰ ਲਿਆ।
ਪਹਿਲਾਂ ਬੱਲੇਬਾਜ਼ੀ ਕਰਨ ਆਏ ਇੰਗਲੈਂਡ ਨੂੰ ਚੰਗੀ ਸ਼ੁਰੂਆਤ ਮਿਲੀ। ਬੇਨ ਡਕੇਟ ਅਤੇ ਫਿਲਿਪ ਸਾਲਟ ਨੇ ਪਹਿਲੀ ਵਿਕਟ ਲਈ 75 ਦੌੜਾਂ ਜੋੜੀਆਂ। ਸਾਲਟ 9ਵੇਂ ਓਵਰ ਵਿਚ ਰਨ ਆਊਟ ਹੋ ਗਿਆ। ਉਸਨੇ 26 ਗੇਂਦਾਂ ‘ਤੇ 43 ਦੌੜਾਂ ਦੀ ਪਾਰੀ ਖੇਡੀ। ਅਗਲੇ ਹੀ ਓਵਰ ਵਿੱਚ ਹਰਸ਼ਿਤ ਰਾਣਾ ਨੇ ਡਕੇਟ ਨੂੰ ਆਪਣਾ ਸ਼ਿਕਾਰ ਬਣਾਇਆ।
ਉਸਨੇ 29 ਗੇਂਦਾਂ ਦਾ ਸਾਹਮਣਾ ਕੀਤਾ ਅਤੇ 32 ਦੌੜਾਂ ਬਣਾਈਆਂ। ਇਸੇ ਓਵਰ ਵਿਚ ਰਾਣਾ ਨੇ ਹੈਰੀ ਬਰੂਕ ਨੂੰ ਡਕ ‘ਤੇ ਪੈਵੇਲੀਅਨ ਭੇਜ ਦਿੱਤਾ।
ਰਵਿੰਦਰ ਜਡੇਜਾ ਨੇ 19ਵੇਂ ਓਵਰ ਵਿਚ ਜੋਅ ਰੂਟ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਲੰਬੇ ਸਮੇਂ ਬਾਅਦ ਵਨਡੇ ਵਿਚ ਵਾਪਸੀ ਕਰਨ ਵਾਲੇ ਰੂਟ ਨੇ 19 ਦੌੜਾਂ ਬਣਾਈਆਂ।
ਕਪਤਾਨ ਜੋਸ ਬਟਲਰ ਨੇ ਅਰਧ ਸੈਂਕੜਾ ਲਗਾਇਆ। ਉਸਨੇ 67 ਗੇਂਦਾਂ ‘ਤੇ 52 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਲੀਅਮ ਲਿਵਿੰਗਸਟੋਨ ਨੇ 5, ਬ੍ਰਾਇਡਨ ਕਾਰਸੇ ਨੇ 10, ਜੈਕਬ ਬੈਥਲ ਨੇ 51, ਆਦਿਲ ਰਾਸ਼ਿਦ ਨੇ 8 ਅਤੇ ਸਾਕਿਬ ਮਹਿਮੂਦ ਨੇ 2 ਦੌੜਾਂ ਬਣਾਈਆਂ।
ਜੋਫਰਾ ਆਰਚਰ 21 ਦੌੜਾਂ ਬਣਾ ਕੇ ਅਜੇਤੂ ਰਿਹਾ। ਭਾਰਤ ਵੱਲੋਂ ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸ਼ਮੀ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਲਈ।
ਭਾਰਤ ਦੀ ਸ਼ੁਰੂਆਤ ਮਾੜੀ
249 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਭਾਰਤ ਨੂੰ 19 ਦੇ ਸਕੋਰ ‘ਤੇ ਦੋ ਝਟਕੇ ਲੱਗੇ। ਆਪਣਾ ਪਹਿਲਾ ਇਕ ਰੋਜ਼ਾ ਮੈਚ ਖੇਡ ਰਹੇ ਯਸ਼ਸਵੀ ਜੈਸਵਾਲ ਨੇ 15 ਦੌੜਾਂ ਬਣਾਈਆਂ ਅਤੇ ਕਪਤਾਨ ਰੋਹਿਤ ਸ਼ਰਮਾ ਨੇ 2 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਸ਼੍ਰੇਅਸ ਅਈਅਰ ਨਾਲ ਮਿਲ ਕੇ ਤੀਜੀ ਵਿਕਟ ਲਈ 94 ਦੌੜਾਂ ਜੋੜੀਆਂ। ਅਈਅਰ 16ਵੇਂ ਓਵਰ ਵਿਚ ਐੱਲ.ਬੀ. ਡਬਲਯੂ ਆਊਟ ਹੋ ਗਿਆ। ਉਸਨੇ 36 ਗੇਂਦਾਂ ਵਿਚ 59 ਦੌੜਾਂ ਬਣਾਈਆਂ।
ਗਿੱਲ ਨੇ ਪਾਰੀ ਨੂੰ ਸੰਭਾਲਿਆ
ਇਸ ਤੋਂ ਬਾਅਦ ਗਿੱਲ ਅਤੇ ਅਕਸ਼ਰ ਪਟੇਲ ਵਿਚਕਾਰ ਚੌਥੀ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਹੋਈ। ਆਦਿਲ ਰਾਸ਼ਿਦ ਨੇ 34ਵੇਂ ਓਵਰ ਵਿਚ ਅਕਸ਼ਰ ਨੂੰ ਐਲ. ਬੀ. ਡਬਲਯੂ. ਆਊਟ ਕੀਤਾ। ਅਕਸ਼ਰ ਨੇ 47 ਗੇਂਦਾਂ ਦਾ ਸਾਹਮਣਾ ਕੀਤਾ ਅਤੇ 52 ਦੌੜਾਂ ਬਣਾਈਆਂ। ਕੇ. ਐਲ. ਰਾਹੁਲ ਕੁਝ ਖਾਸ ਨਹੀਂ ਕਰ ਸਕਿਆ ਅਤੇ ਉਸਨੇ 2 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਜੋ ਸੈਂਕੜੇ ਵੱਲ ਵਧ ਰਿਹਾ ਸੀ, ਨੂੰ 87 ਦੇ ਸਕੋਰ ‘ਤੇ ਜੋਸ ਬਟਲਰ ਨੇ ਕੈਚ ਆਊਟ ਕਰਵਾਇਆ। ਉਸਨੇ ਇਸ ਪਾਰੀ ਵਿਚ 14 ਚੌਕੇ ਵੀ ਲਗਾਏ।-
