ਜ਼ਿਲਾ ਹੁਸ਼ਿਆਰਪੁਰ ’ਚ ਵੱਡਾ ਹਾਦਸਾ ਹੋਇਆ। ਜ਼ਿਲੇ ਦੇ ਪਿੰਡ ਐਮਾ ਜੱਟਾਂ ਕੋਲ ਬਿਸਤ ਦੁਆਬਾ ਨਹਿਰ ਵਿਚ ਇਕ ਗੱਡੀ ਪਲਟੀਆਂ ਖਾਂਦੀ ਹੋਈ ਡਿੱਗ ਗਈ। ਇਸ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸਵੇਰੇ ਜਦੋਂ ਰਾਹਗੀਰਾਂ ਵੱਲੋਂ ਗੱਡੀ ਨਹਿਰ ’ਚ ਡਿੱਗੀ ਹੋਈ ਵੇਖੀ ਗਈ ਤਾਂ ਉਨ੍ਹਾਂ ਪੁਲਸ ਚੌਂਕੀ ਕੋਟਫਤੂਹੀ ਨੂੰ ਸੁਚਿਤ ਕੀਤਾ। ਜਾਂਚ ਉਪਰੰਤ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਉਰਫ਼ ਮੌਜੀ (28) ਪੁੱਤਰ ਗੁਰਦੀਪ ਸਿੰਘ ਪਿੰਡ ਪਦਰਾਣਾ ਵਜੋਂ ਹੋਈ ਹੈ।

ਜਤਿੰਦਰ ਸਿੰਘ ਕਿਸੇ ਪ੍ਰੋਗਰਾਮ ਤੋਂ ਕੋਟਫਤੂਹੀ ਵਾਲੀ ਸਾਈਡ ਤੋਂ ਪਿੰਡ ਪਦਰਾਣਾ ਵੱਲ ਨੂੰ ਜਾ ਰਿਹਾ ਸੀ ਤਾਂ ਜਦੋਂ ਇਹ ਐਮਾ ਜੱਟਾਂ ਕੋਲ ਪੁੱਜਾ ਤਾਂ ਧੁੰਦ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ਵਿਚ ਡਿੱਗਣ ਉਪਰੰਤ ਪਲਟੀਆਂ ਖਾਂਦੀ ਹੋਈ ਕਾਫ਼ੀ ਦੂਰ ਤੱਕ ਪਹੁੰਚ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸੁਖਵਿੰਦਰ ਸਿੰਘ ਏ. ਐੱਸ. ਆਈ. ਚੌਂਕੀ ਇੰਚਾਰਜ ਕੋਟਫਤੂਹੀ ਨੇ ਕਿਹਾ ਕਿ ਜਤਿੰਦਰ ਦੀ ਲਾਸ਼ ਨੂੰ ਨਹਿਰ ’ਚੋਂ ਕੱਢਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਰੱਖਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।