ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਨੌਜਵਾਨਾਂ ’ਚ ਭਰਿਆ ਉਤਸ਼ਾਹ
ਪਟਿਆਲਾ ਦੇ ਤੀਸਰੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਇਥੇ ਵਾਈ. ਪੀ. ਐੱਸ. ਚੌਕ ਵਿਖੇ ਸੇਨੋਟਾਫ (ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ) ’ਤੇ ਭਾਰਤੀ ਸੈਨਾ ਦੀ ਵਨ ਆਰਮ ਡਵੀਜ਼ਨ ਪਟਿਆਲਾ ਦੇ ਡਿਪਟੀ ਜੀ. ਓ. ਸੀ. ਤੇ ਕਮਾਂਡਰ ਬ੍ਰਿਗੇਡੀਅਰ ਵਿਕਰਮ ਗੁਲੇਰੀਆ ਸੈਨਾ ਮੈਡਲ, ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. (ਰਿਟਾ.) ਟੀ. ਐੱਸ. ਸ਼ੇਰਗਿੱਲ, ਲੈਫ. ਜਨ. (ਰਿਟਾ.) ਚੇਤਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸ. ਐੱਸ. ਪੀ. ਡਾ. ਨਾਨਕ ਸਿੰਘ ਸਮੇਤ ਹੋਰਨਾਂ ਨੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਤੋਂ ਬਾਅਦ ਵਾਈ. ਪੀ. ਐੱਸ. ਵਿਖੇ ਇਕੱਠੇ ਹੋਏ 70 ਦੇ ਕਰੀਬ ਵੱਖ-ਵੱਖ ਮੋਟਰਸਾਈਕਲ ਸਵਾਰਾਂ ਦੀ ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੂੰ ਡਿਪਟੀ ਜੀ. ਓ. ਸੀ. ਬ੍ਰਿਗੇਡੀਅਰ ਵਿਕਰਮ ਗੁਲੇਰੀਆ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਇਹ ਰੈਲੀ ਪਟਿਆਲਾ ਸ਼ਹਿਰ ਵਿਖੇ ਕਰੀਬ 30 ਕਿਲੋਮੀਟਰ ਦਾ ਚੱਕਰ ਪੂਰਾ ਕਰ ਕੇ ਖ਼ਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਵਾਲੇ ਸਥਾਨ ’ਤੇ ਸਮਾਪਤ ਹੋਈ, ਜਿਥੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਬਾਈਕ ਰੈਲੀ ਨੂੰ ਰਸੀਵ ਕੀਤਾ।
ਭਾਰਤੀ ਸੈਨਾ ਦੀ ਵਨ ਆਰਮ ਡਵੀਜ਼ਨ ਪਟਿਆਲਾ ਦੇ ਡਿਪਟੀ ਜੀ. ਓ. ਸੀ. ਤੇ ਕਮਾਂਡਰ ਬਿਗ੍ਰੇਡੀਅਰ ਵਿਕਰਮ ਗੁਲੇਰੀਆ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਅੰਦਰ ਫ਼ੌਜ ’ਚ ਜਾਣ ਦਾ ਜ਼ਜ਼ਬਾ ਪੈਦਾ ਹੋਵੇਗਾ।
ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ (ਰਿਟਾ.) ਟੀ. ਐੱਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲਾ ਪੱਧਰ ’ਤੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਨੌਜਵਾਨਾਂ ਅੰਦਰ ਫ਼ੌਜ ’ਚ ਜਾਣ ਦਾ ਜ਼ਜ਼ਬਾ ਪੈਦਾ ਹੋਵੇਗਾ ਤੇ ਆਮ ਲੋਕ ਵੀ ਫ਼ੌਜ ਨੂੰ ਨੇੜੇ ਤੋਂ ਜਾਣ ਸਕਣਗੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਇਹ ਬ੍ਰੇਵ ਹਾਰਟ ਮੋਟਰਸਾਈਕਲ ਰਾਈਡ ਰੈਲੀ ਦਾ ਉਦੇਸ਼ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਹੈ।
ਇਸ ਮੌਕੇ ਵਾਈ. ਪੀ. ਐੱਸ. ਦੇ ਹੈੱਡਮਾਸਟਰ ਨਵੀਨ ਕੁਮਾਰ ਦੀਕਸ਼ਤ, ਡਿਪਟੀ ਹੈੱਡ ਮਾਸਟਰ ਅਨਿਲ ਬਜਾਜ, ਬਰਸਰ ਲੈਫ਼ ਕਰਨਲ ਆਰ. ਡੀ. ਸ਼ਰਮਾ, ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ. ਐੱਸ. ਸ਼ੇਰਗਿੱਲ, ਲੈਫ. ਜਨ. (ਰਿਟਾ.) ਚੇਤਿੰਦਰ ਸਿੰਘ, ਰੂਬੀ ਸੰਧੂ, ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਐੱਸ. ਪੀ. ਸਰਫਰਾਜ਼ ਆਲਮ, ਫੈਸਟੀਵਲ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਰਿਚਾ ਗੋਇਲ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
