– ਆਰਮੀ ਨਾਲ ਟਾਈਅਪ ਕਰ ਕੇ ਮਾਮਲੇ ਦੀ ਤੈਅ ਤੱਕ ਜਾਵਾਂਗੇ : ਐੱਸ. ਐੱਸ. ਪੀ.
ਪਟਿਆਲਾ :- ਜਿਲਾ ਪਟਿਆਲਾ ਸ਼ਹਿਰ ਦੇ ਰਾਜਪੁਰਾ ਰੋਡ ’ਤੇ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਉਂਡ ਨੇੜੇ ਖਾਲੀ ਪਈ ਜਗ੍ਹਾ ਵਿਚ ਸਵੇਰੇ 7 ਰਾਕੇਟ ਲਾਂਚਰ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮੌਕੇ ’ਤੇ ਪੁਲਸ ਨੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਲਿਆ।
ਪਹਿਲਾਂ ਸੂਚਨਾ ਇਹ ਆਈ ਕਿ ਇਹ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਗਰਾਊਂਡ ਕੋਲੋਂ ਮਿਲੇ ਹਨ। ਪੁਲਸ ਨੇ ਦਾਅਵਾ ਕੀਤਾ ਕਿ ਇਹ ਪੀ. ਆਰ. ਟੀ. ਸੀ. ਦੀ ਪੁਰਾਣੀ ਬੰਦ ਪਈ ਵਰਕਸ਼ਾਪ ਦੀ ਪੁਰਾਣੀ ਬਿਲਡਿੰਗ ’ਚ ਕੁੂਡ਼ੇ ਦੇ ਢੇਰ ’ਚੋਂ ਮਿਲੇ ਹਨ। ਪੁਲਸ ਨੇ ਰਾਕੇਟਾਂ ਨੂੰ ਰੇਤੇ ਦੇ ਥੈਲਿਆਂ ’ਚ ਬੰਦ ਕਰ ਦਿੱਤਾ। ਮੌਕੇ ’ਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਅਤੇ ਡੀ. ਐੱਸ. ਪੀ. ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਗਏ।
ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਪਟਿਆਲਾ ਨੇ ਸਪੱਸ਼ਟ ਕੀਤਾ ਕਿ ਬਰਾਮਦ ਰਾਕੇਟ ਲਾਂਚਰਾਂ ਦੀ ਗਿਣਤੀ 7 ਹੈ ਅਤੇ ਐਕਟਿਵ ਨਹੀਂ ਹਨ। ਉਨ੍ਹਾਂ ਕਿ ਫਿਰ ਵੀ ਉਹ ਇਸ ਮਾਮਲੇ ’ਚ ਆਰਮੀ ਅਧਿਕਾਰੀਆਂ ਨਾਲ ਟਾਈਅਪ ਕਰ ਰਹੇ ਹਨ ਤਾਂ ਕਿ ਇਸ ਨੂੰ ਡਿਟੇਲ ’ਚ ਚੈੱਕ ਕੀਤਾ ਜਾ ਸਕੇ। ਪੁਲਸ ਦੀ ਬੰਬ ਡਿਸਪੋਜਲ ਟੀਮ ਨੇ ਸਾਰਾ ਕੁਝ ਚੈੱਕ ਕਰ ਲਿਆ ਹੈ। ਇਸ ’ਚ ਸਾਨੂੰ ਕੋਈ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ ਹੈ।
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਇਥੇ ਕਿਸ ਤਰ੍ਹਾਂ ਪਹੁੰਚੇ ਹਨ। ਪਹਿਲੀ ਨਜ਼ਰ ’ਚ ਇਸ ਤਰ੍ਹਾਂ ਲੱਗਦਾ ਹੈ ਕਿ ਇਥੇ ਪੁਰਾਣਾ ਡੰਪ ਹੈ ਅਤੇ ਜਿਵੇਂ ਕਿਸੇ ਕਬਾਡ਼ੀਏ ਕੋਲ ਪੁਰਾਣਾ ਸਾਮਾਨ ਪਿਆ ਸੀ। ਉਹ ਸੁੱਟ ਦੇ ਚਲਾ ਗਿਆ ਪਰ ਅਸੀਂ ਫਿਰ ਵੀ ਇਸ ਦੀ ਹਰ ਐਂਗਲ ਤੋਂ ਤਫਤੀਸ਼ ਕਰਾਂਗੇ। ਐੱਸ. ਐੱਸ. ਪੀ. ਨੇ ਮੰਨਿਆ ਕਿ ਇਹ ਰਾਕੇਟ ਹਨ। ਉਨ੍ਹਾਂ ਕਿਹਾ ਕਿ ਇਥੇ ਕੋਈ ਆਉਂਦਾ ਜਾਂਦਾ ਨਹੀਂ ਹੈ। ਇਸ ਲਈ ਚੈੱਕ ਕਰਨਾ ਪਵੇਗਾ ਕਿ ਕਿੰਨੀ ਦੇਰ ਦੇ ਇਥੇ ਪਏ ਸਨ।
