ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ
ਚੰਡੀਗੜ੍ਹ ਦੇ ਰਾਮਦਰਬਾਰ ਦੀ ਮੰਡੀ ਗਰਾਊਂਡ ਵਿਚ ਰੰਜਿਸ਼ ਤਹਿਤ ਅਣਪਛਾਤੇ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਵਿਵੇਕ ਕੁਮਾਰ (19) ਵਾਸੀ ਰਾਮ ਦਰਬਾਰ ਫੇਜ਼-2 ਵਜੋਂ ਹੋਈ ਹੈ, ਜੋ 12ਵੀਂ ਜਮਾਤ ’ਚ ਪੜ੍ਹਦਾ ਸੀ। ਪੁਲਿਸ ਅਤੇ ਹੋਰ ਜਾਂਚ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸਰਕਾਰੀ ਸਕੂਲ ’ਚ ਪੜ੍ਹਦਾ ਵਿਵੇਕ ਸ਼ਨੀਵਾਰ ਰਾਤ ਨੂੰ ਆਪਣੇ ਦੋਸਤ ਨਾਲ ਰਾਮਦਰਬਾਰ ਸਥਿਤ ਮੰਡੀ ਗਰਾਊਂਡ ’ਚ ਮੌਜੂਦ ਸੀ। ਵਿਵੇਕ ਦੇ ਨਾਲ ਖੜ੍ਹਾ ਨੌਜਵਾਨ ਉਥੋਂ ਚਲਾ ਗਿਆ ਅਤੇ ਉਹ ਉਥੇ ਇਕੱਲਾ ਆਪਣੇ ਦੋਸਤ ਦਾ ਇੰਤਜ਼ਾਰ ਕਰਨ ਲੱਗਾ।
ਇਸ ਦੌਰਾਨ ਚਾਰ-ਪੰਜ ਨੌਜਵਾਨਾਂ ਨੇ ਆ ਕੇ ਵਿਵੇਕ ਨੂੰ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ’ਚੋਂ ਇਕ ਨੌਜਵਾਨ ਨੇ ਵਿਵੇਕ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਹਮਲੇ ਵਿਚ ਨੌਜਵਾਨ ਦੀ ਮੌਤ ਹੋ ਗਈ।
