ਪੀ. ਆਰ. ਟੀ. ਸੀ. ਮੁਲਾਜ਼ਮ ਹਰਪਾਲ ਸਿੰਘ ਦੀ ਮੌਤ ਮਗਰੋਂ ਪਰਿਵਾਰ ਨੂੰ ਸੌਂਪਿਆ ਚੈੱਕ
ਪਟਿਆਲਾ :- ਪੀ. ਆਰ. ਟੀ. ਸੀ. ਦੇ ਇਤਿਹਾਸ ’ਚ ਪਹਿਲੀ ਵਾਰ ਹੋਏ ਕਾਰਜ ਦੀ ਸਮੂਹ ਮੁਲਾਜ਼ਮ ਵਰਗ ਬੇਹੱਦ ਸ਼ਲਾਘਾ ਕਰ ਰਿਹਾ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਮਹਿਕਮੇ ਦੇ ਕਪੂਰਥਲਾ ਡਿੱਪੂ ਵਿਖੇ ਐਡਵਾਂਸ ਬੁੱਕਰ ਦੇ ਤੌਰ ’ਤੇ ਕੰਮ ਕਰ ਰਹੇ ਹਰਪਾਲ ਸਿੰਘ ਦੀ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਗਈ ਸੀ। ਮੁਲਾਜ਼ਮਾਂ ਦੀ ਪੰਜਾਬ ਐਂਡ ਸਿੰਧ ਬੈਂਕ ਨਾਲ ਹੋਈ ਇਕਰਾਰਨਾਮੇ ਮੁਤਾਬਕ ਪੀ. ਆਰ. ਟੀ. ਸੀ. ਸਮੂਹ ਮੁਲਾਜ਼ਮਾਂ ਨੂੰ ਇੰਸ਼ਰੈਂਸ ਕਵਰ ਮੁਹੱਈਆ ਕਰਵਾਇਆ ਗਿਆ ਸੀ। ਇਸ ਤਹਿਤ ਮ੍ਰਿਤਕ ਦੀ ਧਰਮਪਤਨੀ ਦਲਜੀਤ ਕੌਰ ਪਿੰਡ ਕੰਗਰੋਡ਼ ਨੂੰ ਬੈਂਕ ਅਧਿਕਾਰੀਆਂ ਵੱਲੋਂ ਚੇਅਰਮੈਨ ਹਡਾਣਾ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ’ਚ 40 ਲੱਖ ਦਾ ਚੈੱਕ ਸੌਂਪਿਆ ਗਿਆ।
ਚੇਅਰਮੈਨ ਹਡਾਣਾ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਮੁਲਾਜ਼ਮ ਮਾਰੂ ਨੀਤੀਆਂ ਨਾਲ ਕੰਮ ਕਰਦੀਆਂ ਸਨ ਪਰ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਮਹਿਕਮੇ ਵੱਲੋਂ 2024 ’ਚ ਪੰਜਾਬ ਐਂਡ ਸਿੰਧ ਬੈਂਕ ਨਾਲ ਸਮਝੌਤਾ ਕੀਤਾ ਗਿਆ ਸੀ। ਸ. ਹਡਾਣਾ ਨੇ ਕਿਹਾ ਕਿ ਲਗਭਗ 1250 ਬੱਸਾਂ ਦੇ ਬੇਡ਼ੇ ਵਾਲਾ ਇਹ ਅਦਾਰਾ ਪੰਜਾਬ ਤੋਂ ਇਲਾਵਾ ਨਾਲ ਲੱਗਦੇ ਸੂਬਿਆਂ ’ਚ ਵੀ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਇਸੇ ਤਹਿਤ ਮਹਿਕਮਾ ਆਪਣੇ ਕਰਮਚਾਰੀਆਂ ਦੇ ਜਾਨ-ਮਾਲ ਦੀ ਰਾਖੀ ਪ੍ਰਤੀ ਸੰਜੀਦਾ ਹੈ।
ਉਨ੍ਹਾਂ ਕਿਹਾ ਖਾਸ ਕਰ ਕੇ ਕੰਡਕਟਰ ਅਤੇ ਡਰਾਈਵਰਾਂ ਦਾ ਕੰਮ ਅਕਸਰ ਸਡ਼ਕਾਂ ’ਤੇ ਚਲਦਿਆਂ ਵਧਦੀ ਜਾ ਰਹੀ ਆਵਾਜਾਈ ਕਾਰਨ ਖਤਰੇ ਭਰਿਆ ਰਹਿੰਦਾ ਹੈ। ਇਸ ਲਈ ਅਜਿਹਾ ਫੈਸਲਾ ਲੈਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਗਏ ਵਿਅਕਤੀ ਨੂੰ ਤਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਇਸ ਰਾਸ਼ੀ ਨਾਲ ਮ੍ਰਿਤਕ ਦੇ ਵਾਰਸਾਂ ਨੂੰ ਕੁਝ ਹੌਸਲਾ ਜ਼ਰੂਰ ਮਿਲ ਜਾਂਦਾ ਹੈ।
ਇਸ ਮੌਕੇ ਬਿਕਰਮਜੀਤ ਸਿੰਘ ਸ਼ੇਰਗਿੱਲ ਐੱਮ. ਡੀ., ਨਵਦੀਪ ਕੁਮਾਰ ਵਧੀਕ ਐੱਮ. ਡੀ., ਰਾਕੇਸ਼ ਕੁਮਾਰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ), ਜਤਿੰਦਰ ਸਿੰਘ ਗਰੇਵਾਲ ਐਕਸੀਅਨ, ਮਨਿੰਦਰਪਾਲ ਸਿੰਘ ਸਿੱਧੂ ਜਨਰਲ ਮੈਨੇਜਰ, ਰਮਨ ਸ਼ਰਮਾ ਜਨਰਲ ਮੈਨੇਜਰ ਪ੍ਰਸ਼ਾਸਨ, ਮੋਹਿੰਦਰਪਾਲ ਸਿੰਘ ਜਨਰਲ ਮੈਨੇਜਰ, ਪ੍ਰਵੀਨ ਕੁਮਾਰ ਜਨਰਲ ਮੈਨੇਜਰ ਖਰੀਦ, ਅਮਨਵੀਰ ਸਿੰਘ ਟਿਵਾਣਾ, ਜਨਰਲ ਮੈਨੇਜਰ ਓਪਰੇਸ਼ਨ, ਪ੍ਰਵੀਨ ਕੁਮਾਰ ਟਰੈਫਿਕ ਮੈਨੇਜਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਅਫਸਰ ਚਮਨ ਲਾਲ ਫੀਲਡ ਜਨਰਲ ਮੈਨੇਜਰ, ਕਰਮਜੀਤ ਸਿੰਘ ਡਿਪਟੀ ਜਨਰਲ ਮੈਨੇਜਰ ਅਤੇ ਮਿਸ ਉਪਾਸਨਾ ਧਰ ਜ਼ੋਨਲ ਮੈਨੇਜਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
