ਡੀ. ਜੀ. ਐੱਮ. ਭਜਨ ਕੌਰ ਵੱਲੋਂ ਸੰਗਰੂਰ ਅਤੇ ਭਵਾਨੀਗੜ੍ਹ ਮੰਡੀ ’ਚ ਚੈਕਿੰਗ
Sangrur news :- ਬੀਤੇ ਦਿਨੀਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲਾ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕਰਨ ਤੋਂ ਤੁਰੰਤ ਅਗਲੇ ਦਿਨ ਅੱਜ ਪੰਜਾਬ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ (ਡੀ . ਜੀ. ਐੱਮ.) ਭਜਨ ਕੌਰ ਨੇ ਭਵਾਨੀਗੜ੍ਹ ਅਤੇ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਇਸ ਦੌਰਾਨ ਜਿੱਥੇ ਮੰਡੀਆਂ ’ਚ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਹੀ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਡੀ. ਜੀ. ਐੱਮ. ਨੇ ਭਰੀਆਂ ਬੋਰੀਆਂ ਦੀ ਜਾਂਚ ਪੜਤਾਲ ਦੌਰਾਨ ਪਾਇਆ ਕਿ ਭਵਾਨੀਗੜ੍ਹ ਅਤੇ ਸੰਗਰੂਰ ਦੀ ਇਕ-ਇਕ ਫਰਮ ਵੱਲੋਂ ਕਿਸਾਨਾਂ ਦੀ ਢੇਰੀ ਉੱਤੋਂ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਜ਼ਿਆਦਾ ਕਣਕ ਦੀ ਤੁਲਾਈ ਗੱਟਿਆਂ ’ਚ ਕੀਤੀ ਜਾ ਰਹੀ ਹੈ। ਡੀ. ਜੀ. ਐੱਮ. ਨੇ ਇਸ ਹੇਰਾਫੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਦੋਵੇਂ ਫਰਮਾਂ ਨੂੰ ਜੁਰਮਾਨੇ ਲਗਾਉਣ ਦੇ ਹੁਕਮ ਦਿੱਤੇ।
ਇਸ ਬਾਰੇ ਜ਼ਿਲਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਅਨਾਜ ਮੰਡੀ ਸੰਗਰੂਰ ’ਚ ਡੀ. ਜੀ. ਐੱਮ. ਭਜਨ ਕੌਰ ਵੱਲੋਂ ਕੀਤੀ ਚੈਕਿੰਗ ਦੌਰਾਨ ਮੈਸਰਜ਼ ਨਰੇਸ਼ ਕੁਮਾਰ ਐਂਡ ਸੰਨਜ਼ ਫਰਮ ਵੱਲੋਂ ਕਿਸਾਨ ਗੁਰਚਰਨ ਸਿੰਘ ਵਾਸੀ ਭਲਵਾਨ ਦੀ ਢੇਰੀ ਉੱਤੇ 100 ਗ੍ਰਾਮ ਜ਼ਿਆਦਾ ਤੁਲਾਈ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਸਕੱਤਰ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਸਬੰਧਤ ਫਰਮ ਨੂੰ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਮੁਤਾਬਕ ਬਣਦਾ ਜੁਰਮਾਨਾ ਲਗਾਇਆ ਜਾਵੇ ਅਤੇ ਇਸ ਫਰਮ ਨੂੰ 99 ਗੱਟਿਆਂ ’ਚ ਵੱਧ ਤੁਲਾਈ ਪਾਏ ਜਾਣ ‘ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ।
ਜ਼ਿਲਾ ਮੰਡੀ ਅਫਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਜਾਂਚ ਪੜਤਾਲ ਦੌਰਾਨ ਭਵਾਨੀਗੜ੍ਹ ਦੀ ਰਾਮਪੁਰਾ ਅਨਾਜ ਮੰਡੀ ਵਿਚ ਮੈਸਰਜ਼ ਆਤਮਾ ਰਾਮ ਰਾਜ ਕੁਮਾਰ ਨਾਂ ਦੀ ਫਰਮ ਵੱਲੋਂ ਕਿਸਾਨ ਮਨਦੀਪ ਸਿੰਘ ਵਾਸੀ ਫਤਿਹਗੜ੍ਹ ਭਾਦਸੋਂ ਦੀ ਢੇਰੀ ਉੱਤੇ ਤੁਲਾਈ 100 ਗ੍ਰਾਮ ਤੋਂ ਜ਼ਿਆਦਾ ਭਰੀ ਪਾਈ ਗਈ। ਉਨ੍ਹਾਂ ਦੱਸਿਆ ਕਿ 72 ਗੱਟੇ ਭਰੇ ਹੋਏ ਪਾਏ ਗਏ ਅਤੇ ਮੰਡੀ ਸੁਪਰਵਾਈਜ਼ਰ ਵੱਲੋਂ ਮੌਕੇ ’ਤੇ ਹੀ ਸਬੰਧਤ ਫ਼ਰਮ ਨੂੰ ਜੁਰਮਾਨਾ ਲਗਾਇਆ ਗਿਆ ਹੈ। ਦੋਵੇਂ ਫਰਮਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਜ਼ਿਲਾ ਮੰਡੀ ਅਫਸਰ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀ ਕਣਕ ਘੱਟ ਤੁਲੀ ਪਾਈ ਗਈ ਸੀ ਉਸ ਦੇ ਸਬੰਧ ’ਚ ਉਨ੍ਹਾਂ ਨੂੰ ਬਣਦਾ ਜੇ ਫਾਰਮ ਮੌਕੇ ‘ਤੇ ਮੁਹਈਆ ਕਰਵਾ ਦਿੱਤਾ ਗਿਆ ਹੈ। ਅੱਜ ਡੀ. ਜੀ. ਐੱਮਯ ਨੇ ਇਨ੍ਹਾਂ ਮੰਡੀਆਂ ’ਚ ਕਿਸਾਨਾਂ ਦੀ ਸੁਵਿਧਾ ਲਈ ਉਪਲਬਧ ਕਰਵਾਏ ਗਏ ਪੀਣ ਵਾਲੇ ਪਾਣੀ, ਸਾਫ ਸਫਾਈ ਦੇ ਪ੍ਰਬੰਧਾਂ, ਪੱਖਿਆਂ, ਬੈਠਣ ਦੇ ਪ੍ਰਬੰਧਾਂ, ਤਿਰਪਾਲਾਂ ਆਦਿ ਦਾ ਜਾਇਜ਼ਾ ਵੀ ਲਿਆ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।