ਪਿਸਤੌਲ, 3 ਰੌਂਦ ਖੋਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਲੁੱਟੀ ਥਾਰ ਬਰਾਮਦ
ਸਰੋਵਰ ਸਿੰਘ ਉਰਫ ਲਵਲੀ ਖਿਲਾਫ ਪਹਿਲਾਂ ਵੀ ਲੁੱਟ-ਖੋਹ ਅਤੇ ਡਕੈਤੀ ਦੇ ਕੇਸ ਦਰਜ : ਐੱਸ. ਐੱਸ. ਪੀ. ਡਾ. ਨਾਨਕ ਸਿੰਘ
ਪਟਿਆਲਾ : ਸੀ. ਆਈ. ਏ. ਸਟਾਫ ਪਟਿਆਲਾ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਨਾਭਾ ਤੋਂ ਥਾਰ (ਜੀਪ) ਖੋਹ ਕੇ ਭੱਜਣ ਵਾਲੇ ਸਰੋਵਰ ਸਿੰਘ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟਾ ਬਸਤਾ ਨਾਭਾ ਸਦਰ ਨਾਭਾ ਨੂੰ ਐਨਕਾਊਂਟਰ ’ਚ ਜ਼ਖਮੀ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਏ. ਐੱਸ. ਪੀ. ਵੈਭਵ ਚੌਧਰੀ ਅਤੇ ਸੀ. ਆਈ. ਏ. ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਇਹ ਆਪ੍ਰੇਸ਼ਨ ਕੀਤਾ ਗਿਆ ਹੈ। ਇਸ ਮਾਮਲੇ ’ਚ ਨਾਭਾ ਤੋਂ ਚਿਰਾਗ ਛਾਬਡ਼ਾ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਕੁੱਟਮਾਰ ਕਰ ਕੇ ਉਸ ਤੋਂ ਥਾਰ ਖੋਹ ਲਈ। ਇਸ ਦੀ ਤਲਾਸ਼ ’ਚ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਲੱਗੀ ਹੋਈ ਸੀ।
ਉਨ੍ਹਾਂ ਨੇ ਲੁੱਟੀ ਹੋਈ ਥਾਰ ਜੀਪ ’ਤੇ ਸਵਾਰ ਹੋ ਕੇ ਸੰਗਰੂਰ ਪਟਿਆਲਾ ਬਾਈਪਾਸ ’ਤੇ ਆ ਰਹੇ ਸਰੋਵਰ ਸਿੰਘ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰੋਵਰ ਸਿੰਘ ਨੇ ਪੁਲਸ ਪਾਰਟੀ ਨੇ ਫਾਇਰ ਕਰ ਦਿੱਤੇ। ਪੁਲਸ ਨੇ ਜਵਾਬੀ ਫਾਇਰ ਦੌਰਾਨ ਸਰੋਵਰ ਸਿੰਘ ਉਰਫ ਲਵਲੀ ’ਤੇ ਫਾਇਰ ਕੀਤੇ।
ਇਸ ਐਨਕਾਊਂਟਰ ’ਚ ਸਰੋਵਰ ਸਿੰਘ ਲਵਲੀ ਜ਼ਖਮੀ ਹੋ ਗਿਆ। ਉਸ ਨੂੰ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਸ ਤੋਂ 1 ਪਿਸਤੌਲ, 3 ਰੌਂਦ ਖੋਲ ਅਤੇ 3 ਜ਼ਿੰਦਾ ਕਾਰਤੂਸ ਤੇ ਲੁੱਟੀ ਹੋਈ ਥਾਰ ਮੌਕੇ ਤੋਂ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਥਾਣਾ ਪਸਿਆਣਾ ਵਿਚ 109, 132, 221 ਬੀ. ਐੱਨ. ਐੱਸ., ਆਰਮਜ਼ ਐਕਟ ਤਹਿਤ ਥਾਣਾ ਪਸਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸਰੋਵਰ ਸਿੰਘ ਉਰਫ ਲਵਲੀ ਦਾ ਕਰੀਮੀਨਲ ਪਿਛੋਕਡ਼ ਹੈ। ਉਸ ਖਿਲਾਫ ਲੁੱਟ-ਖੋਹ, ਡਕੈਤੀ ਅਤੇ ਸ਼ਰਾਬ ਐਕਟ ਤਹਿਤ ਕੇਸ ਦਰਜ ਹਨ, ਜਿਨ੍ਹਾਂ ’ਚ 3 ਸਿਟੀ ਸੰਗਰੂਰ, 2 ਸਿਟੀ ਖੰਨਾ ਅਤੇ 1 ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਹੈ। ਉਨ੍ਹਾਂ ਦੱਸਿਆ ਕਿ ਸਰੋਵਰ ਸਿੰਘ ਜੁਲਾਈ 2024 ’ਚ ਨਾਭਾ ਜੇਲ ਤੋਂ ਬਾਹਰ ਆਇਆ ਸੀ। ਜਿਸ ਨੇ ਜੇਲ ’ਚ ਬੰਦ ਕਈ ਖਤਰਨਾਕ ਅਪਰਾਧੀਆਂ ਨਾਲ ਸਬੰਧ ਹੋਣੇ ਵੀ ਮੰਨੇ ਹਨ ਅਤੇ ਇਹ ਕਈਆਂ ਦੇ ਸੰਪਰਕ ’ਚ ਵੀ ਹੈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਏ. ਐੱਸ. ਪੀ. ਵੈਭਵ ਚੌਧਰੀ ਅਤੇ ਸੀ. ਆਈ. ਏ. ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਵੀ ਹਾਜ਼ਰ ਸਨ।