ਨਾਬਾਲਿਗ ਕੁੜੀ ਨੇ ਨਵੇਂ ਪ੍ਰੇਮੀ ਨਾਲ ਮਿਲ ਕੇ ਪੁਰਾਣੇ ਪ੍ਰੇਮੀ ਦਾ ਕੀਤਾ ਕਤਲ

10 ਦਿਨਾਂ ਬਾਅਦ ਆਨੰਦਪੁਰ ਸਾਹਿਬ ਨੇੜੇ ਨਹਿਰ ਵਿਚ ਮਿਲੀ ਲਾਸ਼

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਵਾਪਰੇ ਹਰਦੀਪ ਕਤਲ ਕੇਸ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਆਖ਼ਰਕਾਰ ਕਈ ਦਿਨਾਂ ਤੋਂ ਚੱਲ ਰਹੇ ਸਰਚ ਆਪ੍ਰੇਸ਼ਨ ਤੋਂ ਬਾਅਦ ਹਰਦੀਪ ਉਰਫ਼ ਜੀਆ ਦੀ ਲਾਸ਼ ਮੰਗਲਵਾਰ ਨੂੰ ਮਿਲੀ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਉਰਫ਼ ਜੀਆ ਨੂੰ 23 ਫਰਵਰੀ ਨੂੰ ਅਗਵਾ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪ੍ਰੇਮਿਕਾ ਨੇ ਆਪਣੇ ਨਵੇਂ ਪ੍ਰੇਮੀ ਨਾਲ ਮਿਲ ਕੇ ਆਪਣੇ ਪੁਰਾਣੇ ਪ੍ਰੇਮੀ ਹਰਦੀਪ ਦੀ ਹੱਤਿਆ ਕਰ ਦਿੱਤੀ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਊਨਾ ਪੁਲਸ ਨੇ ਹਰਦੀਪ (19) ਦੀ ਲਾਸ਼ ਪੰਜਾਬ ਦੇ ਆਨੰਦਪੁਰ ਸਾਹਿਬ ਨੇੜੇ ਸੂਰੇਵਾਲ ਵਿਚ ਇਕ ਨਹਿਰ ਵਿਚੋਂ ਬਰਾਮਦ ਕੀਤੀ। ਹਰਦੀਪ ਜੀਆ ਦੀ ਲਾਸ਼ ਲੱਭਣ ਲਈ ਪੁਲਸ ਨੇ 5 ਦਿਨਾਂ ਤੱਕ ਖੋਜ ਮੁਹਿੰਮ ਚਲਾਈ, ਜਿਸ ਵਿਚ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਲਈ ਗਈ। ਇਸ ਮਾਮਲੇ ਵਿਚ ਪੁਲਸ ਪਹਿਲਾਂ ਹੀ ਤਿੰਨ ਨੌਜਵਾਨਾਂ ਅਤੇ ਇਕ ਨਾਬਾਲਿਗ ਲੜਕੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਪੁਲਸ ਪੁੱਛਗਿੱਛ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਜੀਆ ਨੂੰ ਅਗਵਾ ਕਰਨ, ਉਸਦੀ ਹੱਤਿਆ ਕਰਨ ਅਤੇ ਉਸਦੀ ਲਾਸ਼ ਨਹਿਰ ਵਿਚ ਸੁੱਟਣ ਦੀ ਗੱਲ ਕਬੂਲ ਕੀਤੀ। ਲਾਸ਼ ਬਰਾਮਦ ਕਰਨ ਤੋਂ ਬਾਅਦ ਪੁਲਸ ਨੇ ਕਿਹਾ ਕਿ ਇਸਦਾ ਪੋਸਟਮਾਰਟਮ ਟਾਂਡਾ ਮੈਡੀਕਲ ਕਾਲਜ ਵਿਚ ਕੀਤਾ ਜਾਵੇਗਾ।

ਇਸ ਮਾਮਲੇ ਦੀ ਜਾਂਚ ਵਿਚ ਪੁਲਸ ਫੋਰੈਂਸਿਕ ਮਾਹਿਰਾਂ ਦੀ ਵੀ ਮਦਦ ਲੈ ਰਹੀ ਹੈ, ਜਿਨ੍ਹਾਂ ਨੇ ਮੌਕੇ ਦਾ ਦੌਰਾ ਕਰ ਕੇ ਤੱਥ ਇਕੱਠੇ ਕੀਤੇ ਹਨ। ਦਰਅਸਲ, 19 ਸਾਲਾ ਹਰਦੀਪ ਸਿੰਘ ਉਰਫ਼ ਜੀਆ ਊਨਾ ਸ਼ਹਿਰ ਦੇ ਨੇੜੇ ਅੱਪਰ ਅਰਨਿਆਲਾ ਪਿੰਡ ਦਾ ਰਹਿਣ ਵਾਲਾ ਸੀ। ਊਨਾ ਜ਼ਿਲ੍ਹੇ ਦੇ ਐਸ. ਪੀ. ਰਾਕੇਸ਼ ਸਿੰਘ ਨੇ ਕਿਹਾ ਕਿ ਲਾਸ਼ ਬਰਾਮਦ ਕਰ ਲਈ ਹੈ ਅਤੇ ਇਸ ਦਾ ਪੋਸਟਮਾਰਟਮ ਟਾਂਡਾ ਮੈਡੀਕਲ ਕਾਲਜ ਵਿਚ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ।

ਕੀ ਹੈ ਕਰਾਣੀ

ਹਰਦੀਪ ਸਿੰਘ ਨੂੰ ਉਸਦੀ ਸਾਬਕਾ ਪ੍ਰੇਮਿਕਾ ਨੇ 23 ਫਰਵਰੀ ਨੂੰ ਮਿਲਣ ਲਈ ਬੁਲਾਇਆ ਸੀ। ਇਸ ਦੌਰਾਨ ਤਿੰਨ ਨੌਜਵਾਨਾਂ ਅਤੇ ਇਕ ਲੜਕੀ ਨੇ ਉਸਨੂੰ ਜ਼ਬਰਦਸਤੀ ਬੰਨ੍ਹ ਦਿੱਤਾ ਅਤੇ ਫਿਰ ਉਸ ਨਾਲ ਕੁੱਟਮਾਰ ਕੀਤੀ। 25 ਫਰਵਰੀ ਦੀ ਰਾਤ ਨੂੰ ਅਗਵਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿਚ 2 ਨੌਜਵਾਨ ਹਰਦੀਪ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਹਰਦੀਪ ਦੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਇਕ ਨਾਬਾਲਿਗ ਲੜਕੀ ਸਮੇਤ 5 ਨੌਜਵਾਨਾਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਹੈ।

26 ਫਰਵਰੀ ਨੂੰ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਪੁਲਸ ਨੇ 27 ਫਰਵਰੀ ਨੂੰ ਡੇਹਲਾਂ ਦੇ ਤਰਨਜੀਤ ਸਿੰਘ ਅਤੇ ਰਾਏਪੁਰ ਸਹੋਧਾ ਦੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਅਗਲੇ ਦਿਨ ਮੁੱਖ ਦੋਸ਼ੀ ਵੰਸ਼ ਉਰਫ਼ ਬੰਟੂ ਅਤੇ ਨਾਬਾਲਿਗ ਲੜਕੀ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਹਨੋਗੀ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਜਾਂਚ ਤੋਂ ਪਤਾ ਲੱਗਾ ਕਿ ਹਰਦੀਪ ਉਰਫ਼ ਜੀਆ ਦਾ ਗਲਾ ਘੁੱਟ ਕੇ ਬੈਲਟ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਨੰਗਲ ਤੋਂ ਆਨੰਦਪੁਰ ਸਾਹਿਬ ਜਾਣ ਵਾਲੀ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ। ਇਸ ਦੌਰਾਨ ਚਾਰੇ ਮੁਲਜ਼ਮ ਇਕੱਠੇ ਸਨ। ਪੁਲਸ ਨੇ 28 ਫਰਵਰੀ ਨੂੰ ਖੋਜ ਮੁਹਿੰਮ ਸ਼ੁਰੂ ਕੀਤੀ ਸੀ ਪਰ ਚਾਰ ਦਿਨਾਂ ਤੱਕ ਗੋਤਾਖੋਰ ਖਾਲੀ ਹੱਥ ਵਾਪਸ ਪਰਤਦੇ ਰਹੇ।

Leave a Reply

Your email address will not be published. Required fields are marked *