ਰਾਜਪੁਰਾ : ਜਿਲਾ ਪਟਿਆਲਾ ਦੇ ਕਸਬਾ ਬਨੂਡ਼ ਅਧੀਨ ਪੈਂਦੇ ਪਿੰਡ ਨੰਗਲ ਸਲੇਮਪੁਰ ਦੇ 18 ਸਾਲਾ ਬਲਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਉਹ 2 ਭਰਾਵਾਂ ’ਚੋਂ ਛੋਟਾ ਸੀ। ਪਿੰਡ ਵਾਸੀਆਂ ਦੇ ਰੋਹ ਨੂੰ ਭਾਂਪਦਿਆਂ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਡੇਰਾਬਸੀ ਮੋਰਚਰੀ ’ਚ ਰੱਖਵਾ ਦਿੱਤੀ ਹੈ, ਜਿਸ ਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ।
ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਮੇਰੇ ਦੋਵੇਂ ਪੁੱਤਰ ਡੇਰਾਬਸੀ ਵਿਖੇ ਸ਼ੀਸ਼ੇ ਦਾ ਕੰਮ ਕਰਦੇ ਹਨ ਅਤੇ ਉਹ ਖੁਦ ਵੀ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਿਕ ਬਲਵਿੰਦਰ ਰਾਤ 9 ਵਜੇ ਘਰ ਆਇਆ ਅਤੇ ਉਸ ਨੂੰ ਕਿਸੇ ਨੇ ਫੋਨ ਕਰ ਕੇ ਬਾਹਰ ਬੁਲਾਇਆ। ਮੇਰੀ ਪਤਨੀ ਅਤੇ ਦੂਜਾ ਲਡ਼ਕਾ ਆਪੋ-ਆਪਣੇ ਕਮਰੇ ’ਚ ਸੌਂ ਗਏ। ਉਹ ਖੁਦ ਰਾਤ ਦੀ ਡਿਊਟੀ ’ਤੇ ਚਲਿਆ ਗਿਆ। ਉਹ ਸਾਰੀ ਰਾਤ ਘਰ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਵੇਰੇ ਉਦੋਂ 5 ਵਜੇ ਪਤਾ ਲੱਗਾ, ਜਦੋਂ ਉਨ੍ਹਾਂ ਦੇ ਗੁਆਂਢੀਆਂ ਦਾ ਲਡ਼ਕਾ ਉਸ ਨੂੰ ਸਾਈਕਲ ਰੇਹਡ਼ੀ ’ਤੇ ਲੈ ਕੇ ਆਇਆ। ਉਸ ਦੀ ਹਾਲਤ ਬਹੁਤ ਨਾਜੁਕ ਸੀ। ਅਸੀਂ ਡਾਕਟਰ ਕੋਲ ਲੈ ਗਏ, ਜਿੱਥੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਘਰ ਲੈ ਕੇ ਆਉਣ ਵਾਲੇ ਲਡ਼ਕੇ ਨੇ ਦੱਸਿਆ ਕਿ ਇਹ ਸਮਸ਼ਾਨਘਾਟ ਦੇ ਬਾਥਰੂਮ ’ਚ ਪਿਆ ਸੀ ਅਤੇ ਬਾਹਰੋਂ ਕੁੰਡਾ ਲੱਗਾ ਹੋਇਆ ਸੀ।
ਪੀਡ਼ਤ ਨੇ ਦੱਸਿਆ ਕਿ ਉਸ ਦਾ ਲਡ਼ਕਾ ਕੰਮਕਾਰ ’ਤੇ ਲੱਗਿਆ ਹੋਇਆ ਸੀ। ਰਾਤ ਉਹ ਤਨਖਾਹ ਦੇ 4 ਹਜ਼ਾਰ ਰੁਪਏ ਲੈ ਕੇ ਆਇਆ ਸੀ। ਉਸ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈ। ਉਸ ਨੂੰ ਕਿਸ ਨੇ ਫੋਨ ਕਰ ਕੇ ਬੁਲਾਇਆ, ਉਸ ਨਾਲ ਹੋਰ ਕੌਣ ਸਨ, ਦੀ ਜਾਂਚ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਸੰਪਰਕ ਕਰਨ ’ਤੇ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਅੱਧੀ ਦਰਜਨ ਨੌਜਵਾਨਾਂ ਦੇ ਨਾਂ ਆਪਣੇ ਬਿਆਨਾਂ ’ਚ ਦਰਜ ਕਰਾਏ ਹਨ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ।