ਲੋਹਡ਼ੀ ਦੀ ਅੱਗ ਸੇਕ ਰਹੇ ਲੋਕਾਂ ’ਤੇ ਚਡ਼੍ਹਾ ’ਤੀ ਕਾਰ ; 2 ਧੀਆਂ ਦੇ ਪਿਓ ਦੀ ਮੌਤ
ਦਰਜਨ ਦੇ ਕਰੀਬ ਲੋਕ ਜ਼ਖਮੀ
ਪਟਿਆਲਾ ਸ਼ਹਿਰ ਦੀ ਰੇਲਵੇ ਕਾਲੋਨੀ ’ਚ ਬੀਤੀ ਰਾਤ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਨਸ਼ੇ ’ਚ ਧੁੱਤ ਇਨਡੈਵਰ ਕਾਰ ਦੇ ਡਰਾਈਵਰ ਨੇ ਲੋਹਡ਼ੀ ਦੀ ਅੱਗ ਸੇਕ ਰਹੇ ਲੋਕਾਂ ’ਤੇ ਕਾਰ ਚਡ਼੍ਹਾ ਦਿੱਤੀ। ਉਸ ਦੌਰਾਨ 2 ਧੀਆਂ ਦੇ ਪਿਓ ਦੀ ਮੌਤ ਹੋ ਗਈ ਅਤੇ ਲਗਭਗ ਇਕ ਦਰਜਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ। ਮ੍ਰਿਤਕ ਦੀ ਪਛਾਣ ਅਤੁਲ ਕੁਮਾਰ (41) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਰੇਲਵੇ ਕਾਲੋਨੀ ’ਚ ਲੋਕ ਮੁਹੱਲੇ ’ਚ ਲੋਹਡ਼ੀ ਦੀ ਅੱਗ ਬਾਲ ਕੇ ਮੱਥਾ ਟੇਕਣ ਮਗਰੋਂ ਚਾਹ ਪੀ ਰਹੇ ਸੀ। ਅਚਾਨਕ ਨਸ਼ੇ ’ਚ ਧੁੱਤ ਨੌਜਵਾਨ ਨੇ ਤੇਜ਼ ਰਫਤਾਰ ਇਨਡੈਵਰ ਕਾਰ ਲਿਆ ਕੇ ਲੋਕਾਂ ਦੇ ਉੱਪਰ ਚਡ਼੍ਹਾ ਦਿੱਤੀ, ਜਿਸ ਨਾਲ ਚਾਰੇ ਪਾਸੇ ਰੌਲਾ ਪੈ ਗਿਆ।
ਲੋਕ ਆਸ-ਪਾਸ ਤਡ਼ਫ ਰਹੇ ਸਨ। ਕਾਰ ਬੇਕਾਬੂ ਹੋ ਕੇ ਅੱਗੇ ਜਾ ਕੇ ਇਕ ਖੱਡੇ ’ਚ ਡਿੱਗ ਪਈ ਤਾਂ ਲੋਕਾਂ ਨੇ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਕਾਰ ’ਚੋਂ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ। ਜ਼ਖਮੀਆਂ ਨੂੰ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਲੋਕਾਂ ਨੇ ਮੌਕੇ ’ਤੇ ਕਾਬੂ ਕਰ ਲਿਆ ਅਤੇ ਉਸ ਥਾਣਾ ਅਰਬਨ ਅਸਟੇਟ ਦੀ ਪੁਲਸ ਨੂੰ ਸੌਂਪ ਦਿੱਤਾ।
ਐੱਸ. ਐੱਚ. ਓ. ਅਮਨਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਇਸ ਮਾਮਲੇ ’ਚ ਗੁਰਪ੍ਰੀਤ ਸਿੰਘ (31) ਵਾਸੀ ਰੇਲਵੇ ਕਾਲੋਨੀ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ। ਗੱਡੀ ’ਚ ਜੇਕਰ ਕੋਈ ਹੋਰ ਹੋਇਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
