ਅੰਮ੍ਰਿਤਸਰ – ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲਿਆਂ ਵਿਚ ਬਰਾਮਦ ਨਸ਼ੇ ਵਾਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਖੰਨਾ ਤੋਂ ਅੰਮ੍ਰਿਤਸਰ 2 ਪੁਲਸ ਅਧਿਕਾਰੀਆਂ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ।
ਨਸ਼ੇ ਵਾਲੇ ਪਦਾਰਥਾਂ ਨੂੰ ਅਗਨੀ ਭੇਟ ਕਰਦੇ ਹੋਏ ਦੋਵੇਂ ਅਧਿਕਾਰੀ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਨ੍ਹਾਂ ਅਧਿਕਾਰੀਆਂ ਵਿਚ ਐੱਸ. ਪੀ. ਤਰੁਣ ਰਤਨ ਅਤੇ ਡੀ. ਐੱਸ. ਪੀ. ਸੁੱਖ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ।
ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀ ਅਮਨਦੀਪ ਹਸਪਤਾਲ ਪਹੁੰਚ ਰਹੇ ਹਨ। ਇਸ ਦੌਰਾਨ ਖੰਨਾ ਤੋਂ ਅਧਿਕਾਰੀ ਵੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਹਨ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਨਾਲ ਐਸਪੀ ਤਰੁਣ ਰਤਨ ਦੇ ਸਰੀਰ ਦਾ 40 ਫੀਸਦੀ ਅਤੇ ਡੀਐਸਪੀ ਸੁੱਖ ਅੰਮ੍ਰਿਤਪਾਲ ਦੇ ਸਰੀਰ ਦਾ 25 ਫੀਸਦੀ ਹਿੱਸਾ ਸੜ ਗਿਆ ਹੈ।
ਦੋਵੇਂ ਆਪਣੀਆਂ ਟੀਮਾਂ ਨਾਲ ਨਸ਼ੇ ਵਾਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਖੰਨਾ ਤੋਂ ਅੰਮ੍ਰਿਤਸਰ ਆਏ ਸੀ, ਜਿੱਥੇ ਅੰਮ੍ਰਿਤਸਰ ਦੇ ਖੰਨਾ ਪੇਪਰ ਮਿੱਲ ਦੇ ਬਾਇਲਰ ਵਿਚ ਹੈਰੋਇਨ ਅਤੇ ਨਸ਼ੀਲੇ ਪਦਾਰਕਾਂ ਨੂੰ ਨਸ਼ਟ ਕਰ ਰਹੇ ਸੀ ਕਿ ਦੋਵੇਂ ਅੱਗ ਦੀ ਲਪੇਟ ਵਿਚ ਆ ਗਏ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਏ। ਦੋਵਾਂ ਅਧਿਕਾਰੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ।
