ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਦੇਰ ਰਾਤ ਭਗਦੜ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਦਿੱਲੀ ਪੁਲਸ ਦੇ ਅਨੁਸਾਰ ਹੁਣ ਤੱਕ 9 ਔਰਤਾਂ, 5 ਬੱਚੇ ਅਤੇ 4 ਪੁਰਸ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਜ਼ਖਮੀਆਂ ਦਾ ਇਲਾਜ ਦਿੱਲੀ ਦੇ ਐਲ. ਐਨ. ਜੇ. ਪੀ. ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਦਰਅਸਲ, ਰੇਲਵੇ ਨੇ ਵੀਕਐਂਡ ‘ਤੇ ਪ੍ਰਯਾਗਰਾਜ ਜਾਣ ਲਈ ਦੋ ਵਿਸ਼ੇਸ਼ ਵੰਦੇ ਭਾਰਤ ਰੇਲ ਗੱਡੀਆਂ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਚਾਨਕ ਸਟੇਸ਼ਨ ‘ਤੇ ਉਮੀਦ ਤੋਂ ਵੱਧ ਲੋਕ ਇਕੱਠੇ ਹੋ ਗਏ।
ਜਾਣਕਾਰੀ ਮੁਤਾਬਕ ਨਾ ਤਾਂ ਰੇਲਵੇ ਅਧਿਕਾਰੀ ਅਤੇ ਨਾ ਹੀ ਆਰ. ਪੀ. ਐਫ. ਅਧਿਕਾਰੀ ਭੀੜ ਦਾ ਅੰਦਾਜ਼ਾ ਲਗਾ ਸਕੇ। ਤੁਹਾਨੂੰ ਦੱਸ ਦੇਈਏ ਕਿ ਨਵੀਂ ਦਿੱਲੀ ਸੰਵੇਦਨਸ਼ੀਲ ਰੇਲਵੇ ਸਟੇਸ਼ਨਾਂ ਵਿਚੋਂ ਇਕ ਹੈ। ਇੱਥੇ ਹਰ ਰੋਜ਼ 5 ਲੱਖ ਤੋਂ ਵੱਧ ਲੋਕ ਆਉਂਦੇ ਹਨ। ਅਚਾਨਕ ਪਲੇਟਫਾਰਮ ਨੰਬਰ 14, 15 ਅਤੇ 16 ਦੇ ਫੁੱਟ ਓਵਰ ਬ੍ਰਿਜ ‘ਤੇ ਭੀੜ ਇਕੱਠੀ ਹੋ ਗਈ, ਜੋ ਰੇਲਗੱਡੀ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਪੌੜੀਆਂ ਤੋਂ ਪਲੇਟਫਾਰਮ ਤੱਕ ਭਗਦੜ ਮਚ ਗਈ।
ਇਸ ਮਾਮਲੇ ਵਿਚ ਦੇਰ ਰਾਤ ਤੱਕ ਰੇਲਵੇ ਵੱਲੋਂ ਅਧਿਕਾਰਤ ਤੌਰ ‘ਤੇ ਇਹ ਨਹੀਂ ਦੱਸਿਆ ਜਾ ਸਕਿਆ ਕਿ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ। ਫਿਲਹਾਲ ਮਾਮਲੇ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਟੀਮ ਬਣਾਈ ਗਈ ਹੈ।
ਰੇਲਵੇ ਨੇ ਮੁਆਵਜ਼ੇ ਦਾ ਐਲਾਨ ਕੀਤਾ
ਤਾਜ਼ਾ ਰਿਪੋਰਟ ਦੇ ਅਨੁਸਾਰ ਰੇਲਵੇ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਆਮ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਆਰ. ਪੀ. ਐੱਫ. ਖੁਫੀਆ ਜਾਣਕਾਰੀ ਇਕੱਠੀ ਕਰਨ ਵਿਚ ਅਸਫਲ
ਇਕ ਸੰਵੇਦਨਸ਼ੀਲ ਰੇਲਵੇ ਸਟੇਸ਼ਨ ਹੋਣ ਕਰ ਕੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਆਰ. ਪੀ. ਐੱਫ. ਦੇ ਵਿਸ਼ੇਸ਼ ਕਰਮਚਾਰੀ ਇੱਥੇ ਤਾਇਨਾਤ ਹਨ। ਇਸ ਦੇ ਬਾਵਜੂਦ, ਉਨ੍ਹਾਂ ਵੱਲੋਂ ਭੀੜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਾਲ ਹੀ, ਰੇਲਵੇ ਅਧਿਕਾਰੀ ਵੀ ਭੀੜ ਦੀ ਨਿਗਰਾਨੀ ਕਰਨ ਵਿੱਚ ਅਸਫਲ ਰਹੇ।
ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ
ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਨਿਗਰਾਨੀ 24 ਘੰਟੇ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾਂਦੀ ਹੈ। ਡੀਆਰਐਮ ਆਪਣੇ ਦਫ਼ਤਰ ਸਟੇਸ਼ਨ ਦੇ ਹਰ ਪਲੇਟਫਾਰਮ ਨੂੰ ਲਾਈਵ ਦੇਖਦਾ ਹੈ। ਇਸ ਦੇ ਬਾਵਜੂਦ, ਅਧਿਕਾਰੀਆਂ ਨੂੰ ਸਟੇਸ਼ਨ ‘ਤੇ ਕੋਈ ਭੀੜ ਨਹੀਂ ਦਿਖਾਈ ਦਿੱਤੀ। ਇਸ ਦੇ ਨਾਲ ਹੀ, ਰੇਲਵੇ ਵੱਲੋਂ ਲਗਾਤਾਰ ਜਨਰਲ ਟਿਕਟਾਂ ਦਿੱਤੀਆਂ ਜਾ ਰਹੀਆਂ ਸਨ। ਇਸ ਨਾਲ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਭੀੜ ਦੀ ਸੰਭਾਵਨਾ ਵੀ ਵਧ ਗਈ। ਰੇਲਵੇ ਵੱਲੋਂ ਹਰ ਘੰਟੇ 1,500 ਜਨਰਲ ਟਿਕਟਾਂ ਵੇਚੀਆਂ ਜਾ ਰਹੀਆਂ ਸਨ, ਇਸ ਲਈ ਸਟੇਸ਼ਨ ‘ਤੇ ਭੀੜ ਵਧ ਗਈ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ
ਭਗਦੜ ਵਿੱਚ ਜਾਨਾਂ ਦਾ ਨੁਕਸਾਨ ਦੁਖਦਾਈ ਹੈ : ਐੱਲ. ਜੀ.
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹਫੜਾ-ਦਫੜੀ ਅਤੇ ਭਗਦੜ ਕਾਰਨ ਲੋਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀ ਘਟਨਾ ਮੰਦਭਾਗੀ ਅਤੇ ਦੁਖਦਾਈ ਹੈ। ਐੱਲ. ਜੀ. ਨੇ ਟਵਿੱਟਰ ‘ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਮੁੱਖ ਸਕੱਤਰ ਅਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਸਥਿਤੀ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੈਫਟੀਨੈਂਟ ਗਵਰਨਰ ਨੇ ਕਿਹਾ ਕਿ ਮੈਂ ਇਸ ਘਟਨਾ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
