ਪੰਜਾਬੀ ਕਦੇ ਵੀ ਭਾਜਪਾ ਦੀਆਂ ਚਾਲਾਂ ਵਿਚ ਨਹੀਂ ਆਉਣਗੇ : ਕਾਮਰੇਡ ਤੁੰਗਾਂ
ਸੰਗਰੂਰ :- ਜ਼ਿਲਾ ਸੰਗਰੂਰ ਦੇ ਪਿੰਡ ਤੁੰਗਾਂ ਵਿਖੇ ਸੈਂਟਰ ਆਫ ਇੰਡੀਆ ਟਰੇਡ ਯੂਨੀਅਨ ਦੇ ਸੱਦੇ ’ਤੇ ਮਨਰੇਗਾ ਮਜ਼ਦੂਰਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ ਅਤੇ ਦੇਸ਼ ਅੰਦਰ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨਤੋੜ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਫਰੀਦਕੋਟ ਦੇ ਪਿੰਡ ਚੰਦਰਭਾਨ ਵਿਚ ਮਜ਼ਦੂਰ ਪਰਿਵਾਰਾਂ ਨਾਲ ਪਿੰਡ ਦੇ ਕੁਝ ਘੜੰਮ ਚੌਧਰੀਆਂ ਵੱਲੋਂ ਸਰਕਾਰੀ ਸਹਿ ’ਤੇ ਕੀਤੀ ਗਈ ਗੁੰਡਾਗਰਦੀ ਦਾ ਵੀ ਵਿਰੋਧ ਕੀਤਾ ਗਿਆ।
ਇਸ ਮੌਕੇ ਕਾਮਰੇਡ ਸਤਵੀਰ ਤੁੰਗਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰ-ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ 1 ਫਰਵਰੀ ਨੂੰ ਦੇਸ਼ ਦੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਮਜ਼ਦੂਰਾਂ ਲਈ ਕੱਖ ਵੀ ਨਹੀਂ ਰੱਖਿਆ ਗਿਆ। ਮਨਰੇਗਾ ਮਜ਼ਦੂਰਾਂ ਲਈ ਜਾਂ ਉਸਾਰੀ ਮਜ਼ਦੂਰਾਂ ਲਈ ਬਜਟ ’ਚ ਕੋਈ ਵਾਧਾ ਨਹੀਂ ਕੀਤਾ ਗਿਆ, ਪਹਿਲਾਂ ਹੀ ਮਾੜੇ ਹਾਲਾਤਾਂ ’ਚੋਂ ਲੰਘ ਰਹੇ ਮਜ਼ਦੂਰ ਪਰਿਵਾਰਾਂ ਲਈ ਨਰੇਗਾ ਹੀ ਇਕ ਸਹਾਰਾ ਹੈ, ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਲੰਮੇ ਸਮੇਂ ਤੋਂ ਸਾਲ ਵਿਚ 200 ਦਿਨ ਕੰਮ ਤੇ 700 ਰੁਪਏ ਦਿਹਾੜੀ ਦੀ ਮੰਗ ਕਰਦੀ ਆ ਰਹੀ ਹੈ ਪਰ ਇਥੇ ਕਿਸੇ ਨੂੰ 100 ਦਿਨ ਦਾ ਵੀ ਪੂਰਾ ਕੰਮ ਨਹੀਂ ਮਿਲ ਰਿਹਾ, ਜਿਸ ਕਰ ਕੇ ਗਰੀਬ ਪਰਿਵਾਰ ਬਦ ਤੋਂ ਬਦਤਰ ਜ਼ਿੰਦਗੀ ਜਿਉਣ ਲਈ ਮਜਬੂਰ ਹਨ।
ਆਗੂਆਂ ਨੇ ਕਿਹਾ ਕਿ ਸਰਕਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਅਸਫਲ ਸਾਬਿਤ ਹੋ ਰਹੀਆਂ ਹਨ। ਡਾ. ਭੀਮ ਰਾਓ ਅੰਬੇਜਕਰ ਜੀ ਦੁਆਰਾ ਲਿਖਿਆ ਸੰਵਿਧਾਨ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰਤਾ ਦਾ ਸਨਮਾਨ ਦਿੰਦਾ ਹੈ, ਜੋ ਕਿ ਆਰ. ਐੱਸ. ਐੱਸ. ਦੇ ਤੰਗਦਿਲ ਫਿਰਕਾਪ੍ਰਸਤ ਹਾਕਮਾਂ ਨੂੰ ਇਹ ਚੰਗਾ ਨਹੀਂ ਲਗਦਾ, ਜਿਸ ਕਰ ਕੇ ਆਨੇ ਬਹਾਨੇ ਡਾ. ਭੀਮ ਰਾਓ ਵਰਗੇ ਮਹਾਨ ਵਿਆਕਤੀਆਂ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਹ ਫਿਰਕੂ ਤਾਕਤਾਂ ਪੰਜਾਬ ਦੇ ਅਮਨ ਚੈਨ ਨੂੰ ਭੰਗ ਕਰ ਕੇ ਇਥੇ ਲਾਂਬੂ ਲਾਉਣਾ ਚਾਹੁੰਦੀਆਂ ਹਨ।
ਕਾਮਰੇਡ ਤੁੰਗਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਇਸ ਮਾੜੀ ਚਾਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਪੰਜਾਬੀ ਕਦੇ ਵੀ ਭਾਜਪਾ ਦੀਆਂ ਚਾਲਾਂ ਵਿਚ ਨਹੀਂ ਆਉਣਗੇ। ਇਸ ਮੌਕੇ ਜਗਦੇਵ ਸਿੰਘ, ਦਰਸ਼ਨ ਸਿੰਘ, ਸਰਪੰਚ ਜਗਪਾਲ ਸਿੰਘ, ਡਾ ਗੁਰਜੰਟ ਸਿੰਘ, ਗਗਨਦੀਪ ਸਰਮਾ, ਸੁਖਵੀਰ ਸਿੰਘ, ਨਿਰਭੈ ਸਿੰਘ, ਕਾਲਾ ਸਿੰਘ, ਹਰਦਿਆਲ ਸਿੰਘ, ਨਿਰਮਲ ਸਿੰਘ, ਨਰੇਗਾ ਪ੍ਰਧਾਨ ਮਾਤਾ ਗੁਰਦੇਵ ਕੌਰ, ਮੁਖਤਿਆਰ ਕੌਰ, ਸੁਖਵਿੰਦਰ ਕੌਰ, ਚਿੰਤੋ ਕੌਰ, ਸਿੰਦਰ ਕੌਰ, ਗਰਮੀਤ ਕੌਰ, ਰਣਜੀਤ ਕੌਰ ਤੇ ਮਨਰੇਗਾ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।
