ਦੱਖਣੀ ਕੋਰੀਆ ਦੇ ਜੰਗਲ ’ਚ ਲੱਗੀ ਭਿਆਨਕ ਅੱਗ, 18 ਮੌਤਾਂ, 19 ਜ਼ਖਮੀ

5500 ਤੋਂ ਵੱਧ ਲੋਕਾਂ ਨੇ ਛੱਡੇ ਅਪਣੇ ਘਰ

ਦੱਖਣੀ ਕੋਰੀਆ ਵਿੱਚ ਖ਼ੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਦੌਰਾਨ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਐਂਡੋਂਗ ਅਤੇ ਹੋਰ ਦੱਖਣੀ ਸ਼ਹਿਰਾਂ ਅਤੇ ਕਸਬਿਆਂ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦਾ ਆਦੇਸ਼ ਦਿੱਤਾ।
ਦੂਜੇ ਪਾਸੇ ਅੱਗ ਬੁਝਾਊ ਅਮਲੇ ਤੇਜ਼ ਹਵਾਵਾਂ ਕਾਰਨ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਅੱਗ ਕਾਰਨ 43,000 ਏਕੜ ਤੋਂ ਵੱਧ ਜ਼ਮੀਨ ਸੜ ਕੇ ਸੁਆਹ ਹੋ ਗਈ ਹੈ ਅਤੇ ਸੈਂਕੜੇ ਢਾਂਚੇ ਸੜ ਕੇ ਸੁਆਹ ਹੋ ਗਏ ਹਨ, ਜਿਨ੍ਹਾਂ ਵਿਚ 1,300 ਸਾਲ ਪੁਰਾਣਾ ਬੋਧੀ ਮੱਠ ਵੀ ਸ਼ਾਮਲ ਹੈ।
ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਅਨੁਸਾਰ ਐਂਡੋਂਗ, ਇਸਦੇ ਗੁਆਂਢੀ ਕਸਬਿਆਂ ਉਇਸਿਓਂਗ ਅਤੇ ਸੈਨਸੇਓਂਗ ਅਤੇ ਉਲਸਾਨ ਸ਼ਹਿਰ ਵਿਚ 5,500 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਖੇਤਰ ਅੱਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਕੋਰੀਆ ਹੈਰੀਟੇਜ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਇਸੋਂਗ ਵਿੱਚ ਅੱਗ ਲੱਗਣ ਕਾਰਨ ਸੱਤਵੀਂ ਸਦੀ ਦਾ ਗੋਏਂਸਾ ਦਾ ਬੋਧੀ ਮੱਠ ਸੜ ਕੇ ਸੁਆਹ ਹੋ ਗਿਆ। ਦੱਖਣੀ ਕੋਰੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਬੁਝਾਉਣ ਵਾਲਿਆਂ ਨੇ ਉਨ੍ਹਾਂ ਇਲਾਕਿਆਂ ਵਿੱਚ ਅੱਗ ਬੁਝਾ ਦਿੱਤੀ ਸੀ ਪਰ ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਅੱਗ ਦੁਬਾਰਾ ਫੈਲ ਗਈ। ਲਗਭਗ 9,000 ਫ਼ਾਇਰਫ਼ਾਈਟਰ, 130 ਤੋਂ ਵੱਧ ਹੈਲੀਕਾਪਟਰ ਅਤੇ ਸੈਂਕੜੇ ਵਾਹਨ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।

Leave a Reply

Your email address will not be published. Required fields are marked *