ਕਿਹਾ-ਲੋੜ ਪੈਣ ’ਤੇ ਬੁਲਡੋਜ਼ਰ ਵੀ ਚਲੇਗਾ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ’ਚ ਹਾਲ ਹੀ ’ਚ ਹੋਈ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਸੰਕਲਪ ਲਿਆ ਹੈ, ਜੋ 17 ਮਾਰਚ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੀ ਅਗਵਾਈ ’ਚ ਪ੍ਰਦਰਸ਼ਨ ਦੌਰਾਨ ਇਸਲਾਮਿਕ ਆਇਤਾਂ ‘ਚਾਦਰ’ ਸਾੜਨ ਦੀਆਂ ਅਫਵਾਹਾਂ ਫੈਲਣ ਤੋਂ ਬਾਅਦ ਭੜਕੀ ਸੀ।
ਫੜਨਵਸ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਾ ਕੰਮ ਕਰਨ ਦਾ ਅਪਣਾ ਵਖਰਾ ਅੰਦਾਜ਼ ਹੈ… ਲੋੜ ਪੈਣ ’ਤੇ ਬੁਲਡੋਜ਼ਰ ਵੀ ਚਲੇਗਾ ਅਤੇ ਜਿੱਥੇ ਵੀ ਗਲਤ ਚੀਜ਼ਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਕੁਚਲ ਦਿੱਤਾ ਜਾਵੇਗਾ, ਕਿਸੇ (ਦੋਸ਼ੀ) ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਹਿੰਸਾ ਦੇ ਨਤੀਜੇ ਵਜੋਂ ਵੱਡੇ ਪੱਧਰ ’ਤੇ ਪੱਥਰਬਾਜ਼ੀ ਅਤੇ ਅੱਗਜ਼ਨੀ ਹੋਈ ਸੀ, ਜਿਸ ’ਚ 33 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ।
ਫੜਨਵੀਸ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੰਗਾਕਾਰੀਆਂ ਤੋਂ ਨੁਕਸਾਨੀਆਂ ਜਾਇਦਾਦਾਂ ਦੀ ਲਾਗਤ ਵਸੂਲ ਕਰੇਗੀ ਅਤੇ ਜੇ ਉਹ ਮੁਆਵਜ਼ਾ ਦੇਣ ’ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਜਾਣਗੀਆਂ। ਉਨ੍ਹਾਂ ਇਹ ਵੀ ਭਰੋਸਾ ਦਿਤਾ ਕਿ ਪੁਲਿਸ ਅਧਿਕਾਰੀਆਂ ’ਤੇ ਹਮਲਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।

ਹਿੰਸਾ ਭੜਕਾਉਣ ’ਚ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਫੜਨਵੀਸ ਨੇ ਕਿਹਾ ਕਿ 68 ਭੜਕਾਊ ਪੋਸਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਟਾ ਦਿਤਾ ਗਿਆ ਹੈ ਅਤੇ ਜ਼ਿੰਮੇਵਾਰ ਲੋਕਾਂ ’ਤੇ ਸਹਿ-ਦੋਸ਼ੀ ਵਜੋਂ ਦੋਸ਼ ਲਗਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਾਗਪੁਰ ’ਚ ਸਥਿਤੀ ਹੁਣ ਸ਼ਾਂਤ ਹੈ ਅਤੇ ਕੁੱਝ ਖੇਤਰਾਂ ’ਚ ਲਗਾਏ ਗਏ ਕਰਫਿਊ ’ਚ ਢਿੱਲ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਫੜਨਵੀਸ ਨੇ ਇਨ੍ਹਾਂ ਕਿ ਆਸਅਰਾਈਆਂ ਤੋਂ ਇਨਕਾਰ ਕੀਤਾ ਕਿ ਦੰਗੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਨਿਸ਼ਾਨਾ ਬਣਾਉਣ ਲਈ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਨਾ ਮੂਰਖਾਨਾ ਹੈ। ਹਿੰਸਾ ਦਾ ਕੋਈ ਸਿਆਸੀ ਪੱਖ ਨਹੀਂ ਹੈ। ਉਨ੍ਹਾਂ ਨੇ ਹਿੰਸਾ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਲਈ ਇਕ ਕਮੇਟੀ ਭੇਜਣ ਲਈ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਕ ਮੈਂਬਰ ਅਕੋਲਾ ਹਿੰਸਾ ਮਾਮਲੇ ਦਾ ਦੋਸ਼ੀ ਹੈ।
