ਪਰਿਵਾਰ ਨੇ ਪੁੱਤ ਦੀ ਹੱਤਿਆ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਕੀਤੀ ਮੰਗ
Ludhiana : ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਨਾਨੋਵਾਲ ਮੰਡ ਦਾ ਨੌਜਵਾਨ ਮਨਜਿੰਦਰ ਸਿੰਘ (23) ਦੀ ਦਰਿਆ ’ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਆਪਣੇ ਪੁੱਤ ਦੀ ਹੱਤਿਆ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਨੇੜੇ ਵਗਦੇ ਸਤਲੁਜ ਦਰਿਆ ਕਿਨਾਰੇ 5 ਅਪ੍ਰੈਲ ਸ਼ਾਮ ਨੂੰ ਜਨਮਦਿਨ ਪਾਰਟੀ ਮਨਾਉਣ ਗਿਆ ਸੀ। ਦੋਸਤਾਂ ਨੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਹ ਦਰਿਆ ’ਚ ਡੁੱਬ ਗਿਆ ਤੇ ਅਗਲੇ ਦਿਨ 6 ਮਾਰਚ ਨੂੰ ਗੋਤਾਖੋਰਾਂ ਵੱਲੋਂ ਉਸ ਦੀ ਲਾਸ਼ ਨੂੰ ਦਰਿਆ ’ਚੋਂ ਬਰਾਮਦ ਕਰ ਲਿਆ ਗਿਆ।
ਸਤਲੁਜ ਦਰਿਆ ਕਿਨਾਰੇ ਵਸਦਾ ਪਿੰਡ ਥਾਣਾ ਬਲਾਚੌਰ ਅਧੀਨ ਪੈਂਦਾ ਹੈ, ਜਿਸ ’ਤੇ ਸਬੰਧਤ ਪੁਲਿਸ ਨੇ ਆ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਅੱਜ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਦੇ ਦਾਦਾ ਗੁਰਮੁਖ ਸਿੰਘ ਜ਼ਿਲਾ ਰੂਪਨਗਰ ਦੇ ਐੱਸ. ਐੱਸ. ਪੀ. ਨੂੰ ਮਿਲੇ, ਜਿਨ੍ਹਾਂ ਇਕ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪੋਤਰੇ ਦੀ ਸਤਲੁਜ ਦਰਿਆ ’ਚ ਧੱਕਾ ਦੇ ਕੇ ਹੱਤਿਆ ਕੀਤੀ ਗਈ ਹੈ, ਜਿਸਦੀ ਗੰਭੀਰਤਾ ਨਾਲ ਜਾਂਚ ਕਰ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
