ਪੁਲਸ ਜਾਂਚ ’ਚ ਲੱਗੀ
ਨਾਭਾ – ਜ਼ਿਲ੍ਹਾ ਪਟਿਆਲਾ ਦੇ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਇਕ ਦੋਧੀ ਜਗਦੀਸ਼ ਸਿੰਘ ਉੱਪਰ ਸਕਾਰਪੀਓ ਸਵਾਰ 6 ਅਣਪਛਾਤੇ ਵਿਅਕਤੀਆਂ ਨੇ ਤੇਜ਼ਾਬੀ ਹਮਲਾ ਕਰ ਦਿੱਤਾ। ਪੀੜਤ ਨਾਭਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹੈ ਹਨ।
ਇਸ ਮੌਕੇ ਪੀੜਤ ਦੋਧੀ ਜਗਦੀਸ਼ ਸਿੰਘ ਲੱਧਾਹੇੜੀ ਨੇ ਦੱਸਿਆ ਕਿ ਪਹਿਲਾਂ ਵੀ ਮੇਰੇ ’ਤੇ ਹਮਲਾ ਹੋਇਆ ਸੀ, ਮੇਰਾ ਮੋਟਰਸਾਈਕਲ ਅਤੇ ਦੁੱਧ ਵਾਲੇ ਢੋਲ ਚੋਰੀ ਕਰ ਕੇ ਫਰਾਰ ਹੋ ਗਏ ਸੀ, ਉਸ ਸਮੇਂ ਵੀ ਪਤਾ ਨਹੀਂ ਚੱਲਿਆ ਕਿ ਉਹ ਵਿਅਕਤੀ ਕੌਣ ਸਨ ਅਤੇ ਹੁਣ ਮੇਰੇ ’ਤੇ ਤੇਜ਼ਾਬੀ ਹਮਲਾ ਕੀਤਾ ਗਿਆ ਅਤੇ ਜੇਕਰ ਮੈਂ ਆਪਣੀ ਬਾਂਹ ਅੱਗੇ ਨਾ ਕਰਦਾ ਤਾਂ ਮੇਰਾ ਮੂੰਹ ਬੁਰੀ ਤਰ੍ਹਾ ਝੁਲਸ ਜਾਣਾ ਸੀ। ਹੁਣ ਮੇਰੀ ਸੱਜੀ ਬਾਂਹ ਬੁਰੀ ਤਰ੍ਹਾਂ ਝੁਲਸ ਗਈ ਹੈ, ਮੇਰੇ ਲੱਤਾਂ ਵੀ ਮਾਰੀਆਂ ਗਈਆਂ ਅਤੇ ਬਾਅਦ ’ਚ ਉਹ ਭੱਜ ਗਏ। ਮੈਨੂੰ ਸ਼ੱਕ ਹੈ ਕਿ ਦੋਧੀਆਂ ਵੱਲੋਂ ਹੀ ਮੇਰੇ ’ਤੇ ਹਮਲਾ ਕਰਵਾਇਆ ਗਿਆ। ਮੈਂ ਤਾਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਗਲਵੱਟੀ ਚੌਕੀ ਇੰਚਾਰਜ ਨਵਦੀਪ ਕੌਰ ਨੇ ਦੱਸਿਆ ਕਿ ਪੀੜਤ ਜਗਦੀਸ਼ ਸਿੰਘ ਪਿੰਡ ਲੱਧਾਹੇੜੀ ਦਾ ਦੋਧੀ ਹੈ, ਜਿਸ ’ਤੇ ਤੇਜ਼ਾਬੀ ਹਮਲਾ ਹੋਇਆ। ਅਸੀਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
