ਖਾਲਸਾਈ ਰੰਗ ’ਚ ਰੰਗਿਆ ਕਸਬਾ ਡੇਰਾ ਬਾਬਾ ਨਾਨਕ ਤੇ ਜੈਕਾਰਿਆਂ ਦੀਆਂ ਗੂੰਜਾਂ ਨਾਲ ਗੂੰਜ ਉੱਠਿਆ ਅਸਮਾਨ
ਡੇਰਾ ਬਾਬਾ ਨਾਨਕ : ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਦੋਆਬੇ ਦੀ ਧਰਤੀ ਦੇ ਪਿੰਡ ਖੰਡਿਆਲਾ ਸੈਣੀਆਂ, ਜ਼ਿਲਾ ਹੁਸ਼ਿਆਰਪੁਰ ਤੋਂ ਬਾਬਾ ਰਣਧੀਰ ਸਿੰਘ ਦੀ ਅਗਵਾਈ ਹੇਠ ਪੈਦਲ ਚੱਲੀਆਂ ਲੱਖਾਂ ਸੰਗਤਾਂ ਸੰਗ ਦੇ ਰੂਪ ਵਿਚ ਅੱਜ ਦੇਰ ਰਾਤ ਜਦ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਪੁੱਜੀਆਂ ਤਾਂ ਜੈਕਾਰਿਆਂ ਦੀਆਂ ਗੂੰਜਾਂ ਨਾਲ ਜਿਥੇ ਅਸਮਾਨ ਗੂੰਜ ਉੱਠਿਆ ਉੱਥੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਪੂਰੀ ਤਰਾਂ ਖਾਲਸਾਈ ਰੰਗ ਵਿੱਚ ਰੰਗਿਆ ਗਿਆ।
ਇਨ੍ਹਾਂ ਸੰਗਤਾਂ ਦਾ ਕਸਬਾ ਡੇਰਾ ਬਾਬਾ ਨਾਨਕ ਪੁੱਜਣ ਤੇ ਸੰਗਤਾਂ ਅਤੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਪ੍ਰਬੰਧਕਾਂ ਵਲੋਂ ਵੱਖ ਵੱਖ ਥਾਵਾਂ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਸੰਗ ਦਾ ਗੁ. ਸ੍ਰੀ ਚੋਲਾ ਸਾਹਿਬ ਪੁੱਜਣ ’ਤੇ ਬਾਬਾ ਅਵਤਾਰ ਸਿੰਘ ਬੇਦੀ ਤੇ ਮੇਲਾ ਪ੍ਰਬੰਧਕਾਂ ਵੱਲੋਂ ਗੁਰੂਘਰ ਦੀ ਬਖ਼ਸ਼ਿਸ਼ ਸਿਰਪਾਓ ਸਾਹਿਬ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਸੰਗਤਾਂ ਵੱਲੋਂ ਜਿੱਥੇ ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ ਗਏ ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ, ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਪੱਖੋਕੇ ਟਾਹਲੀ ਸਾਹਿਬ, ਮੰਦਿਰ ਬਾਬਾ ਸ੍ਰੀ ਚੰਦ ਜੀ ਚੰਦੂ ਨੰਗਲ ਤੇ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਅਸਥਾਨ ਵਿਖੇ ਵੀ ਨਤਮਸਤਕ ਹੋਈਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਬੇਬੇ ਨਾਨਕੀ ਦੇ ਹੱਥ ਦੇ ਕੱਢੇ ਰੁਮਾਲ ਤੇ ਚੌਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ।
ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੰਗ ਦੇ ਦਰਸ਼ਨ ਕਰ ਕੇ ਜਿੱਥੇ ਉਨ੍ਹਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਨਾਲ ਲਾ ਕੇ ਆਪਣੇ ਆਪ ਨੂੰ ਵਡਭਾਗੇ ਸਮਝ ਰਹੀਆਂ ਸਨ, ਉਥੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੀਆਂ ਇਨ੍ਹਾਂ ਸੰਗਤਾਂ ਦੀ ਆਓ ਭਗਤ ਲਈ ਕਈ ਪ੍ਰਕਾਰ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਠਹਿਰਨ ਲਈ ਰਿਹਾਇਸ਼ ਦੇ ਪ੍ਰਬੰਧ ਕੀਤੇ ਗਏ ਸਨ ਉੱਥੇ ਲੰਗਰਾਂ ਦੇ ਪ੍ਰਬੰਧ ਤੇ ਮੈਡੀਕਲ ਸਹੂਲਤਾਂ ਦੇ ਵੀ ਵਿਸੇਸ ਤੌਰ ’ਤੇ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸਾਰੀ ਰਾਤ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਪੰਥ ਦੇ ਮਹਾਨ ਕਥਾਵਾਚਕ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਤੇ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
