ਖਨੌਰੀ – ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 56ਵੇਂ ਦਿਨ ਵੀ ਖਨੌਰੀ ਕਿਸਾਨ ਮੋਰਚੇ ਉੱਪਰ ਜਾਰੀ ਰਿਹਾ।
ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 26 ਜਨਵਰੀ ਸੋਮਵਾਰ ਦੁਪਹਿਰ 12 ਤੋਂ 1.30 ਵਜੇ ਤੱਕ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਅਦਾਰੇ ਅਤੇ ਭਾਜਪਾ ਆਗੂਆਂ ਦੇ ਦਰਾ (ਦਰਵਾਜ਼ੇ) ਅੱਗੇ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤੇ ਜਾਣਗੇ।
ਕਿਸਾਨ ਆਗੂਆਂ ਦੱਸਿਆ ਕਿ ਸੰਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦੇਸ਼ ਭਰ ’ਚ ਜਿਨ੍ਹਾਂ 5 ਪੁਆਇੰਟਾਂ ਉੱਪਰ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ, ਉਨ੍ਹਾਂ ’ਚ ਨੰਬਰ 1 ਸਾਈਲੋਂਜ, ਨੰਬਰ 2 ਕਾਰਪੋਰੇਟ ਘਰਾਣਿਆਂ ਦੇ ਮੋਲ, ਨੰਬਰ 3 ਟੋਲ-ਪਲਾਜ਼ੇ, ਨੰਬਰ 4 ਭਾਜਪਾ ਦੇ ਦਫਤਰ, ਭਾਜਪਾ ਦੇ ਮੰਤਰੀਆਂ, ਐੱਮ. ਐੱਲ. ਏਜ਼, ਐੱਮ. ਪੀਜ਼ ਜਾਂ ਉਨ੍ਹਾਂ ਦੇ ਜ਼ਿਲਾ ਇੰਚਾਰਜਾਂ ਦੇ ਘਰਾਂ ਦੇ ਬਾਹਰ ਅਤੇ ਨੰਬਰ 5 ਜੇਕਰ ਇਹ 4 ਪੁਆਇੰਟ ਨਜ਼ਦੀਕ ਨਹੀਂ ਪੈਂਦੇ ਤਾਂ ਦੇਸ਼ ਭਰ ਦੇ ਕਿਸਾਨ ਆਪਣੇ ਨਜ਼ਦੀਕ ਲੱਗਦੇ ਸਟੇਟ ਹਾਈਵੇ, ਨੈਸ਼ਨਲ ਹਾਈਵੇ ਦੇ ਉੱਪਰ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਹੋਣਗੇ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗੋਵਾਲ, ਤੇਜਵੀਰ ਸਿੰਘ ਪੰਜੋਖਰਾ ਸਾਹਿਬ, ਜੰਗ ਸਿੰਘ, ਬਲਵੰਤ ਸਿੰਘ ਬਹਿਰਾਮਕੇ, ਮਲਕੀਤ ਸਿੰਘ ਗੁਲਾਮੀਵਾਲਾ, ਸੁਰਜੀਤ ਸਿੰਘ ਫੂਲ, ਬਲਕਾਰ ਸਿੰਘ ਬੈਂਸ, ਗੁਰਮਨੀਤ ਸਿੰਘ ਮਾਂਗਟ, ਸ੍ਹਾਬ ਸਿੰਘ ਆਦਿ ਹਾਜ਼ਰ ਸਨ।
ਦਿੱਲੀ ਕੂਚ ਮੁਲਤਵੀ
ਇਸ ਦੌਰਾਨ ਕਿਸਾਨ ਨੇਤਾ ਨੇਤਾਵਾਂ ਨੇ ਆਖਿਆ ਕਿ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ 101 ਕਿਸਾਨਾਂ ਦੇ ਚੌਥੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਸੱਦੀ ਗਈ ਮੀਟਿੰਗ ਦੇ ਮੱਦੇਨਜ਼ਰ ਇਹ ਜਥਾ 26 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਦੇ ਮੱਦੇਨਜ਼ਰ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ ਜਾਵੇ। ਸਰਕਾਰ ਜਲਦੀ ਮੀਟਿੰਗ ਬੁਲਾਵੇ, ਜੋ ਦਿੱਲੀ ’ਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਹਨ। ਇਸ ਲਈ ਮੀਟਿੰਗ ਦਿੱਲੀ ’ਚ ਕੀਤੀ ਜਾਵੇ ਤਾਂ ਢੁੱਕਵਾਂ ਹੋਵੇਗਾ।
ਐੱਸ. ਕੇ. ਐੱਮ. ਨਾਲ ਏਕਤਾ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਅਸੀਂ ਲੋਕਾਂ ਦੀ ਅਾਵਾਜ਼ ਅਨੁਸਾਰ ਵੱਧ ਤੋਂ ਵੱਧ ਏਕਤਾ ਲਈ ਵਚਨਬੱਧ ਹਾਂ। ਉਮੀਦ ਹੈ ਕਿ 24 ਜਨਵਰੀ ਨੂੰ ਐੱਸ. ਕੇ. ਐੱਮ. ਦੀ ਕੌਮੀ ਮੀਟਿੰਗ ’ਚ ਪੂਰਨ ਏਕਤਾ ਕਾਇਮ ਹੋਵੇਗੀ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭਲਕੇ 21 ਜਨਵਰੀ ਨੂੰ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਸ਼ੰਭੂ ਮੋਰਚੇ ’ਤੇ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ ਅਤੇ 29 ਜਨਵਰੀ ਨੂੰ ਪੰਜਾਬ ਦੇ ਮਾਝਾ ਖੇਤਰ ਤੋਂ ਕਿਸਾਨਾਂ ਦਾ ਸੈਂਕੜੇ ਟਰੈਕਟਰ-ਟਰਾਲੀਆਂ ਦਾ ਜਥਾ ਸ਼ੰਭੂ ਮੋਰਚੇ ’ਤੇ ਪਹੁੰਚ ਜਾਵੇਗਾ।

ਡੱਲੇਵਾਲ ਦਾ ਮਰਨ ਵਰਤ 56ਵੇਂ ਦਿਨ ਵਿਚ
ਕਿਸਾਨ ਆਗੂਆਂ ਦੱਸਿਆ ਕਿ 56 ਦਿਨ ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਉਨ੍ਹਾਂ ਲਈ ਅਸਥਾਈ ਤੌਰ ’ਤੇ ਇਕ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਟਰਾਲੀ ’ਚੋਂ ਬਾਹਰ ਧੁੱਪ ’ਚ ਲਿਆਂਦਾ ਜਾ ਸਕੇ।
ਦੋਨਾਂ ਫੋਰਮਾਂ ਅਤੇ ਕਿਸਾਨ-ਮਜ਼ਦੂਰ ਮੋਰਚੇ ਨੇ ਸਰਕਾਰੀ ਤੰਤਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਮੋਰਚੇ ਹਮਾਇਤ ਕਰ ਰਹੇ ਸਾਡੇ ਕਲਾਕਾਰ ਵੀਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰਨ। ਜੇਕਰ ਸਰਕਾਰ ਵੱਲੋਂ ਉਨ੍ਹਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਸਖਤੀ ਜਾਂ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
