ਦਾਨ ਸਿੰਘ ਵਾਲਾ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ

ਬਠਿੰਡਾ – ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਤੇ ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਪਿੰਡ ਦਾਨ ਸਿੰਘ ਵਾਲਾ ਦੇ 8 ਘਰਾਂ ਲਈ ਹੋਰ ਸਹਾਇਤਾ ਰਾਸ਼ੀ 1-1 ਲੱਖ ਰੁਪਏ ਦੇ ਚੈੱਕ ਸਬੰਧਤ ਪਰਿਵਾਰਾਂ ਨੂੰ ਭੇਟ ਕੀਤੇ ਗਏ, ਜਦਕਿ ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 50-50 ਹਜ਼ਾਰ ਰੁਪਏ ਦੇ ਸਹਾਇਤਾ ਰਾਸ਼ੀ ਚੈੱਕ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਜ਼ਿਲੇ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਘਰਾਂ ਨੂੰ ਅੱਗ ਲਗਾਉਣ ਅਤੇ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਦੇ ਮੱਦੇਨਜ਼ਰ ਇਹ ਚੈੱਕ ਦਿੱਤੇ ਗਏ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਰੈੱਡ ਕਰਾਸ ਸੋਸਾਇਟੀ ਵੱਲੋਂ ਇਸ ਤੋਂ ਪਹਿਲਾਂ ਵੀ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਉਨ੍ਹਾਂ ਨੂੰ ਰਾਸ਼ਨ, ਬਿਸਤਰੇ, ਕੰਬਲ, ਭਾਂਡੇ ਅਤੇ ਬਿਜਲੀ ਵਾਲੇ ਚੁੱਲ੍ਹੇ ਆਦਿ ਮੁਹੱਈਆ ਕਰਵਾਏ ਗਏ ਹਨ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਸਿਖਲਾਈ ਅਧੀਨ ਆਈ. ਏ. ਐੱਸ. ਰਾਕੇਸ਼ ਕੁਮਾਰ ਮੀਨਾ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ ਮਾਹਲ, ਪ੍ਰਸਿੱਧ ਗਾਇਕ ਤੇ ਅਦਾਕਾਰ ਹਰਸਿਮਰਨ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

Leave a Reply

Your email address will not be published. Required fields are marked *