ਅੰਮ੍ਰਿਤਸਰ-: ਦਾਜ ਖ਼ਾਤਰ ਇਕ ਵਿਅਕਤੀ ਨੇ ਆਪਣੀ ਭੈਣ ਨਾਲ ਮਿਲ ਕੇ ਆਪਣੀ ਪਤਨੀ ਨੂੰ ਪੂਰੀ ਤਰ੍ਹਾਂ ਨਗਨ ਕਰ ਕੇ ਉਸ ਦੀ ਕੁੱਟਮਾਰ ਕੀਤੀ ਹੈ। ਵਿਆਹੁਤਾ ਔਰਤ ਦੀਆਂ ਚੀਕਾਂ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਬਚਾਉਣ ਲਈ ਉਸ ਦੇ ਘਰ ਚਲੇ ਗਏ, ਜਿਵੇਂ ਹੀ ਥਾਣਾ ਮੋਹਕਮਪੁਰਾ ਨੂੰ ਿੲਸ ਘਟਨਾ ਦੀ ਜਾਣਕਾਰੀ ਮਿਲੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਉਸ ਦੇ ਪਤੀ ਰਾਜਨ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਸਪਨਾ ਦਾ ਵਿਆਹ ਲਗਭਗ 8 ਮਹੀਨੇ ਪਹਿਲਾਂ ਮੁਲਜ਼ਮ ਰਾਜਨ ਨਾਲ ਸਾਰੇ ਰੀਤੀ-ਰਿਵਾਜਾਂ ਅਨੁਸਾਰ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦਾ ਜਵਾਈ ਰਾਜਨ ਆਪਣੀ ਭੈਣ ਡਿੰਪਲ ਅਤੇ ਮਾਂ ਆਸ਼ਾ ਦੇ ਕਹਿਣ ’ਤੇ ਉਸ ਦੀ ਲੜਕੀ ਨਾਲ ਕੁੱਟਮਾਰ ਕਰਦਾ ਸੀ। ਇਸ ਦੇ ਬਾਵਜੂਦ, ਉਹ ਆਪਣੀ ਲੜਕੀ ਨੂੰ ਸਮਝਾ ਦਿੰਦਾ ਕਿ ਕੁਝ ਸਮੇਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਕੱਲ ਰਾਤ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਲੜਕੀ ਨੂੰ ਰਾਜਨ, ਡਿੰਪਲ ਅਤੇ ਆਸ਼ਾ ਰਾਣੀ ਨੇ ਪੂਰੇ ਕੱਪੜੇ ਉਤਾਰ ਕੇ ਬੁਰੀ ਤਰ੍ਹਾਂ ਕੁੱਟਿਆ ਹੈ। ਉਸ ਦੀ ਲੜਕੀ ਸਪਨਾ ਦੀਆਂ ਚੀਕਾਂ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਦੇ ਘਰ ਆ ਕੇ ਉਸ ਨੂੰ ਉਕਤ ਮੁਲਜ਼ਮਾਂ ਤੋਂ ਬਚਾਇਆ।
ਪੀੜਤਾ ਨੇ ਆਪਣੇ ਪਤੀ ਰਾਜਨ ਅਤੇ ਨਨਾਣ ਡਿੰਪਲ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ, ਮੋਹਕਮਪੁਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਮਿਤ ਔਲਖ ਨੇ ਕਿਹਾ ਕਿ ਫਿਲਹਾਲ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
