ਦਰਿਆ ਬੁਰਦ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਆਏ ਅਧਿਕਾਰੀਆਂ ਦਾ ਕਿਸਾਨਾਂ ਵੱਲੋਂ ਵਿਰੋਧ

ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

ਗੁਰਦਾਸਪੁਰ -: ਜ਼ਿਲਾ ਗੁਰਦਾਸਪੁਰ ਦੇ ਭਾਰਤ ਪਾਕਿਸਤਾਨ ਸਰਹੱਦ ਨੇੜਲੇ ਸਰਹੱਦੀ ਖੇਤਰ ’ਚ ਰਾਵੀ ਦਰਿਆ ਦੇ ਨਾਲ ਲੱਗਦੀ ਦਰਿਆ ਬੁਰਦ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਅਧਿਕਾਰੀਆਂ ਨੂੰ ਅੱਜ ਵੱਖ-ਵੱਖ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਵਾਪਸ ਮੋੜਿਆ ਹੈ। ਇਸ ਦੌਰਾਨ ਕਿਸਾਨਾਂ ਨੇ ਧਰਨਾ ਦੇ ਕੇ ਪਿੰਡ ਸਲਾਚ ਨੇੜੇ ਨਾਅਰੇਬਾਜ਼ੀ ਵੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਵੱਲੋਂ ਆਬਾਦ ਕੀਤੀ ਗਈ ਇਸ ਜ਼ਮੀਨ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਰੀ ਰਹੀਆਂ ਤਾਂ ਕਿਸਾਨਾਂ ਵੱਲੋਂ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਜ਼ਿਲਾ ਜਨਰਲ ਸਕੱਤਰ ਦਲਬੀਰ ਸਿੰਘ ਜੀਵਨਚੱਕ ਅਤੇ ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਦੇ ਜ਼ਿਲਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਨੇ ਕਿਹਾ ਕਿ ਸਰਹੱਦੀ ਖੇਤਰ ਅੰਦਰ ਰਾਵੀ ਦਰਿਆ ਨਾਲ ਲੱਗਦੇ ਦਰਿਆ ਬੁਰਦ ਖੇਤਰ ਦੇ ਵੱਖ-ਵੱਖ ਬੇਚਰਾਗ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਨੂੰ ਇਲਾਕੇ ਦੇ ਕਰੀਬ 200 ਤੋਂ ਜ਼ਿਆਦਾ ਕਿਸਾਨਾਂ ਨੇ ਸਖਤ ਮਿਹਨਤ ਕਰ ਕੇ ਅਤੇ ਸਰਕੰਡੇ ਕੱਟ ਕੇ 30 ਸਾਲ ਪਹਿਲਾਂ ਆਬਾਦ ਕੀਤਾ ਸੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੀ ਸਖਤ ਮਿਹਨਤ ਦੇ ਬਾਅਦ ਇਨ੍ਹਾਂ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ ਹੈ। ਇਸ ਮੌਕੇ ਇਹ ਜ਼ਮੀਨਾਂ ਛੋਟੇ ਕਿਸਾਨਾਂ ਕੋਲ ਹਨ ਅਤੇ ਇਹ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਵਾਹੀ ਕਰ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਹੁਣ ਇਕ ਪਾਸੇ ਪੰਜਾਬ ਸਰਕਾਰ ਆਬਾਦਕਾਰਾਂ ਕੋਲੋਂ ਜ਼ਮੀਨਾਂ ਨਾ ਖੋਹਣ ਦੇ ਦਾਅਵੇ ਕਰ ਰਹੀ ਹੈ।

ਦੂਜੇ ਪਾਸੇ ਅਜਿਹੇ ਆਬਾਦਕਾਰ ਕਿਸਾਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਚਾਇਤ ਵਿਭਾਗ ਵੱਲੋਂ ਮਾਲ ਵਿਭਾਗ ਦੀ ਮਦਦ ਨਾਲ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਮੌਕੇ ’ਤੇ ਕਿਸਾਨ ਜਥੇਬੰਦੀਆਂ ਅਤੇ ਆਬਾਦਕਾਰ ਕਿਸਾਨਾਂ ਨੇ ਪਹੁੰਚ ਕੇ ਇਸ ਦਾ ਸਖਤ ਵਿਰੋਧ ਕੀਤਾ, ਜਿਸ ਦੇ ਨਤੀਜੇ ਵਜੋਂ ਅੱਜ ਉਕਤ ਟੀਮ ਵਾਪਸ ਚਲੀ ਗਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਮੁੜ ਅਜਿਹੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਕ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਕਿਸਾਨਾਂ ਨੇ ਅੱਜ ਸ਼ਾਮ ਨੂੰ ਪਿੰਡ ਚੱਕਰੀ ਵਿਖੇ ਇਕ ਮੀਟਿੰਗ ਬੁਲਾਈ ਹੈ, ਜਿਸ ’ਚ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।  ਇਸ ਮੌਕੇ ਕੁਲਵਿੰਦਰ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਕਿਰਪਾਲ ਸਿੰਘ, ਪਿਆਰਾ ਸਿੰਘ ਸਮੇਤ ਵੱਖ-ਵੱਖ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *