ਕਿਸਾਨ ਨੇਤਾ ਡੱਲੇਵਾਲ ਦਾ ਮਰਨ ਵਰਤ 111ਵੇਂ ਦਿਨ ’ਚ

ਖਨੌਰੀ – ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 111ਵੇਂ ਦਿਨ ਵੀ ਜਾਰੀ ਰਿਹਾ।
ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਤਾਨਾਕਸ਼ੀ, ਤਾਮਿਲਨਾਡੂ ਵਿਖੇ ਸੂਬਾ ਪੱਧਰੀ ਕਿਸਾਨ ਮਹਾਪੰਚਾਇਤ ਹੋਈ। ਇਸ ’ਚ ਸਰਬਸੰਮਤੀ ਨਾਲ ਐੱਮ. ਐੱਸ. ਪੀ. ਗਾਰੰਟੀ ਐਕਟ ਦੇ ਸਮਰਥਨ ’ਚ ਮਤਾ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ 19 ਮਾਰਚ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਣਾਉਣ ਦਾ ਐਲਾਨ ਕਰੇ।
ਇਸ ਮੌਕੇ ਤਾਮਿਲਨਾਡੂ ਵਿਚ ਪੀ. ਆਰ. ਪੰਡਯਾਨ ਜੀ ਅਤੇ ਅਯਾਕੰਨੂ ਜੀ ਦੀ ਅਗਵਾਈ ਹੇਠ ਆਯੋਜਿਤ ਕਿਸਾਨ ਮਹਾਪੰਚਾਇਤ ਵਿਚ 20 ਤੋਂ ਵੱਧ ਜ਼ਿਲਿਆਂ ਦੇ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਤਾਮਿਲਨਾਡੂ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਦੀ ਮੰਗ ਸਿਰਫ਼ ਪੰਜਾਬ-ਹਰਿਆਣਾ ਦੇ ਕਿਸਾਨਾਂ ਦੀ ਨਹੀਂ, ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦੀ ਹੈ। ਇਸ ਲਈ ਤਾਮਿਲਨਾਡੂ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ੍ਹੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ 17 ਮਾਰਚ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਖੇਤੀ ਮਾਹਿਰਾਂ ਨਾਲ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਇਕ ਸੈਮੀਨਾਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। 21 ਮਾਰਚ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਅਤੇ 22 ਮਾਰਚ ਨੂੰ ਹਰਿਆਣਾ ਦੇ ਫਤਿਹਾਬਾਦ ਵਿਚ ਹੋਣ ਵਾਲੀਆਂ ਸੂਬਾ ਪੱਧਰੀ ਕਿਸਾਨ ਕਾਨਫਰੰਸਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।

