ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਬਰਛਾ ਫੜ ਕੇ ਚੋਬਦਾਰ ਵਜੋਂ ਸੇਵਾ ਨਿਭਾਈ

ਲੰਗਰ ਹਾਲ ’ਚ ਜੂਠੇ ਬਰਤਨ ਵੀ ਕੀਤੇ ਸਾਫ

ਤਲਵੰਡੀ ਸਾਬੋ, 9 ਦਸੰਬਰ -ਸ੍ਰੀ ਅਕਾਲ ਤਖਤ ਸਾਹਿਬ ਵੱਲੋਂ  ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਅਕਾਲੀ ਆਗੂਆਂ ਨੂੰ ਤਨਖਾਹ ਵਜੋਂ ਲਗਾਈ ਸੇਵਾ ਦੇ ਚੌਥੇ ਪੜਾਅ ’ਚ ਅੱਜ ਸੁਖਬੀਰ ਸਿੰਘ ਬਾਦਲ ਨੇ ਬੇਮਿਸਾਲ ਸੁਰੱਖਿਆ ਪ੍ਰਬੰਧਾਂ ਹੇਠ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦੋ ਰੋਜ਼ਾ ਧਾਰਮਿਕ ਸੇਵਾ ਦੀ ਆਰੰਭਤਾ ਕਰਦਿਆਂ ਜਿੱਥੇ ਬਰਛਾ ਫੜ ਕੇ ਚੋਬਦਾਰ ਵਜੋਂ ਸੇਵਾ ਨਿਭਾਈ, ਉੇੱਥੇ ਹੀ ਲੰਗਰ ਹਾਲ ’ਚ ਸੰਗਤਾਂ ਦੇ ਜੂਠੇ ਬਰਤਨ ਵੀ ਸਾਫ ਕੀਤੇ।

ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੁਲਸ ਦੇ ਮਿਸਾਲੀ ਪ੍ਰਬੰਧ ਦੇਖਣ ਨੂੰ ਮਿਲੇ।  3 ਪਰਤੀ ਸੁਰੱਖਿਆ ਘੇਰੇ ’ਚ ਸੁਖਬੀਰ ਸਿੰਘ ਬਾਦਲ ਨੇ ਸਵੇਰੇ 9 ਤੋਂ 10 ਵਜੇ ਤੱਕ ਨੀਲਾ ਚੋਲਾ ਪਹਿਨ, ਗਲੇ ’ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖਤੀ ਪਾ ਕੇ ਅਤੇ ਹੱਥ ’ਚ ਬਰਛਾ ਫੜ ਕੇ ਚੋਬਦਾਰ ਵਜੋਂ ਸੇਵਾ ਨਿਭਾਈ, 10 ਤੋਂ 11 ਵਜੇ ਤੱਕ ਕੀਰਤਨ ਸਰਵਣ ਕੀਤਾ, ਜਦਕਿ 11 ਤੋਂ 12 ਵਜੇ ਤੱਕ ਲੰਗਰ ਹਾਲ ’ਚ ਜੂਠੇ ਬਰਤਨ ਸਾਫ ਕੀਤੇ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ ਅਤੇ ਹੀਰਾ ਸਿੰਘ ਗਾਬੜੀਆ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਸੁਖਬੀਰ ਬਾਦਲ ਨੂੰ ਛੱਡ ਕੇ ਬਾਕੀ ਅਕਾਲੀ ਲੀਡਰਸ਼ਿਪ ਨੇ ਬਾਅਦ ’ਚ ਪਖਾਨਿਆਂ ਦੀ ਸਫਾਈ ਦੀ ਸੇਵਾ ਵੀ ਕੀਤੀ।

Leave a Reply

Your email address will not be published. Required fields are marked *