ਡੱਲੇਵਾਲ ਦੀ ਹਾਲਤ ਨਾਜ਼ੁਕ : 5 ਦਿਨਾਂ ਤੋਂ ਡ੍ਰਿਪ ਲਗਾਉਣ ਲਈ ਨਹੀਂ ਮਿਲ ਰਹੀ ਕੋਈ ਨਾੜੀ

ਖਨੌਰੀ ਬਾਰਡਰ ‘ਤੇ 26 ਨਵੰਬਰ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਦੇ 75ਵੇਂ ਦਿਨ ਵਿਚ ਪੁੱਜੇ ਜਗਜੀਤ ਸਿੰਘ ਡੱਲੇਵਾਲ ਦੀ ਟਰਾਲੀ ਦੇ ਬਾਹਰ 24 ਘੰਟੇ ਪਹਿਰਾ ਦੇਣ ਦੀ ਸੇਵਾ ਵਿਚ ਲੱਗੇ ਕਿਸਾਨ ਚਰਨਜੀਤ ਸਿੰਘ ਕਾਲਾ ਦਾ ਅੱਜ ਅਚਨਚੇਤ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਉਨ੍ਹਾ ਦੀ ਹਾਲਤ ਬੇਹਦ ਗੰਭੀਰ ਬਣੀ ਹੋਈ ਹੈ।
ਦੂਸਰੇ ਪਾਸੇ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਮੁੜ ਨਾਜ਼ੁਕ ਬਣਦੀ ਜਾ ਰਹੀ ਹੈ, ਪਿਛਲੇ 5 ਦਿਨਾਂ ਤੋਂ ਡਾਕਟਰੀ ਸਹਾਇਤਾ ਨਹੀਂ ਲੈ ਪਾ ਰਹੇ ਹਨ ਕਿਉਂਕਿ ਡਾਕਟਰਾਂ ਨੂੰ ਡ੍ਰਿਪ ਲਗਾਉਣ ਲਈ ਨਾੜੀਆ ਨਹੀਂ ਮਿਲ ਰਹੀਆਂ। ਡੱਲੇਵਾਲ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਹਨ, ਡਾਕਟਰ ਉਹਨਾ ਨੂੰ ਲੱਤਾਂ ਦੀਆਂ ਨਾੜੀਆਂ ਰਾਹੀਂ ਡ੍ਰਿਪ ਲਗਾਉਣ ਦਾ ਯਤਨ ਕਰ ਰਹੇ ਹਨ।
ਇਸ ਮੌਕੇ ਕਿਸਾਨ ਨੇਤਾ ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਿਸਾਨ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ। ਕਿਸਾਨ ਲੇਤਾਵਾਂ ਨੇ ਰੋਸ ਪ੍ਰਗਟ ਕੀਤਾ ਕਿ ਦੇਰ ਸ਼ਾਮ ਤੱਕ ਗੰਭੀਰ ਰੂਪ ਵਿਚ ਜਖਮੀ ਕਿਸਾਨ ਨੂੰ ਪੀਜੀਆਈ ਵਿਚ ਵੈਂਟੀਲੇਟਰ ਨਹੀ ਮਿਲ ਸਕਿਆ ਸੀ, ਜਿਸ ਕਾਰਨ ਉਨ੍ਹਾ ਦੀ ਹਾਲਤ ਹੋਰ ਗੰਭੀਰ ਹੋ ਰਹੀ ਹੈ। ਉਨਾ ਕਿਹਾ ਕਿ ਪਿੰਡ ਬਡਵਾਲਾ ਦੇ ਰਹਿਣ ਵਾਲੇ ਕਿਸਾਨ ਕਾਲਾ ਦੀ ਕਿਡਨੀ ਟਰਾਂਸਪਲਟ ਦੀ ਦਵਾਈ ਚੱਲਦੀ ਹੈ ਅਤੇ ਅੱਜ ਜਦੋਂ ਚਰਨਜੀਤ ਸਿੰਘ ਆਪਣੀ ਦਵਾਈ ਲੈਣ ਲਈ ਖਨੌਰੀ ਮੋਰਚੇ ਤੋਂ ਸ਼ਭਜ਼ ਚੰਡੀਗੜ੍ਹ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਅਚਾਨਕ ਅਵਾਰਾ ਪਸ਼ੂ ਆਉਣ ਕਾਰਨ ਉਹਨਾਂ ਦਾ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੌਕੇ ਤੇ ਪੁੱਜੀ ਸੜਕ ਸੁਰੱਖਿਆ ਫੋਰਸ ਵੱਲੋ ਚਰਨਜੀਤ ਸਿੰਘ ਕਾਲਾ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਹਨਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰ ਵੱਲੋਂ ਉਹਨਾਂ ਨੂੰ ਅੱਗੇ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ ਹੈ।
