– ਸਰਕਾਰ ਨੇ ਪ੍ਰਾਪਤੀਆਂ ਗਿਣਵਾਈਆਂ ਪਰ ਅਸੀਂ ਉਨ੍ਹਾਂ ਦੀਆਂ ਨਾਕਾਮੀਆਂ ਦੱਸੀਆਂ : ਡੱਲੇਵਾਲ
ਖਨੌਰੀ ;- ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 82ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਨੇ ਲੰਘੇ ਕੱਲ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੀ ਚਰਚਾ ਕੀਤੀ। ਕਿਸਾਨ ਹੁਣ 22 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਵਿਚ ਜੁਟ ਗਏ।
ਅੱਜ ਡੱਲੇਵਾਲ ਨੇ ਆਖਿਆ ਕਿ ਸਰਕਾਰ ਦੇ ਮੰਤਰੀ ਨੇ ਉਨ੍ਹਾਂ ਨੂੰ ਪ੍ਰਾਪਤੀਆਂ ਗਿਣਵਾਈਆਂ ਪਰ ਅਸੀਂ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਗਿਣਵਾਈਆਂ ਹਨ। ਗਾਰੰਟੀ ਕਾਨੂੰਨ ਉੱਪਰ ਸਾਰੇ ਪੱਖ ਮਜ਼ਬੂਤੀ ਨਾਲ ਕੇਂਦਰ ਸਰਕਾਰ ਦੇ ਸਾਹਮਣੇ ਮੀਟਿੰਗ ’ਚ ਰੱਖੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਐਂਬੂਲੈਂਸ ’ਚ 8 ਘੰਟੇ ਸਫ਼ਰ ਕਰਨ ਕਾਰਨ ਰਾਤ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਅੱਜ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਪਰ ਉਹ ਭਵਿੱਖ ’ਚ ਵੀ ਕੇਂਦਰ ਸਰਕਾਰ ਨਾਲ ਮੀਟਿੰਗਾਂ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਅੱਗੇ ਰੱਖਿਆ ਜਾ ਸਕੇ।
ਕਿਸਾਨ ਆਗੂਆਂ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ੁੱਭਕਰਨ ਸਿੰਘ ਦੀ ਸ਼ਹੀਦੀ ਦੀ ਪਹਿਲੀ ਬਰਸੀ ਮੌਕੇ ਪਿੰਡ ਬੱਲੋਂ ਅਤੇ ਦਾਤਾਸਿੰਘਵਾਲਾ ਖਨੌਰੀ, ਸ਼ੰਭੂ ਅਤੇ ਰਤਨਾਪੁਰਾ ਮੋਰਚਿਆਂ ਉੱਪਰ ਸ਼ਰਧਾਂਜਲੀ ਸਭਾਵਾਂ ਕੀਤੀਆਂ ਜਾਣਗੀਆਂ। ਕੱਲ ਚੰਡੀਗੜ੍ਹ ਮੀਟਿੰਗ ’ਚ ਹਿੱਸਾ ਲੈਣ ਜਾ ਰਹੇ ਕਿਸਾਨ ਆਗੂ ਕੁਰਬਰੂ ਸ਼ਾਂਤਾਕੁਮਾਰ (ਕਰਨਾਟਕ) ਅਤੇ ਪੀ. ਆਰ. ਪੰਡਯਾਨ (ਤਾਮਿਲਨਾਡੂ) ਦਾ ਐਕਸੀਡੈਂਟ ਹੋ ਗਿਆ ਸੀ, ਪੀ. ਆਰ. ਪਾਂਡਿਆਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਕੁਰਬਰੂ ਸ਼ਾਂਤਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਕੱਲ ਏਅਰ ਐਂਬੂਲੈਂਸ ਰਾਹੀਂ ਬੈਂਗਲੁਰੂ ਸ਼ਿਫਟ ਕੀਤੇ ਜਾਣ ਦੀ ਸੰਭਾਵਨਾ ਹੈ।
ਹੋਰ ਅੰਕੜਿਆਂ ਸਮੇਤ ਕੇਂਦਰ ਸਰਕਾਰ ਦੇ ਸਾਹਮਣੇ ਰਖਾਂਗੇ ਲੇਖਾ-ਜੋਖਾ : ਲਖਵਿੰਦਰ ਔਲਖ
ਅੱਜ ਖਨੌਰੀ ਬਾਰਡਰ ਵਿਖੇ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨ ਅੰਦੋਲਨ 02 ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਕਿਸਾਨ 22 ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ’ਚ ਹੋਰ ਅੰਕੜਿਆਂ ਸਮੇਤ ਲੇਖਾ-ਜੋਖਾ ਰੱਖਣਗੇ। ਉਨ੍ਹਾਂ ਕਿਹਾ ਕਿ ਕਿਸਾਨ ਵੀ ਚਾਹੁੰਦੇ ਹਨ ਕਿ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਅੰਦੋਲਨ ਨੂੰ ਖਤਮ ਕੀਤਾ ਜਾਵੇ, ਕਿਉਂਕਿ ਅੰਦੋਲਨ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ‘ਸਬਕਾ ਸਾਥ ਸਬਕਾ ਵਿਕਾਸ’ ਪਰ ਸਰਕਾਰ ਸਭ ਦਾ ਵਿਕਾਸ ਕਰਨ ਦੀ ਬਜਾਏ ਕੁਝ ਸਰਮਾਏਦਾਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਅਤੇ ਕਿਸਾਨ ਵਰਗ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਲਖ ਨੇ ਕਿਹਾ ਕਿ 21 ਫਰਵਰੀ 2024 ਨੂੰ ਨੌਜਵਾਨ ਸ਼ੁੱਭਕਰਨ ਨੂੰ ਸਰਕਾਰ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਸ ਦੇ ਪਹਿਲੇ ਸ਼ਹੀਦੀ ਦਿਹਾੜੇ ਉਨ੍ਹਾਂ ਦੇ ਜੱਦੀ ਪਿੰਡ ਬੱਲੋ ਵਿਖੇ ਉਨ੍ਹਾਂ ਦਾ ਪਹਿਲਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
